Indians trapped: ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਅਜਿਹੇ ਵਿਚ ਪਾਕਿਸਤਾਨ ਤੋਂ ਭਾਰਤ ਆ ਰਹੇ 29 ਭਾਰਤੀ 5 ਘੰਟਿਆਂ ਤਕ ਦੋਵੇਂ ਦੇਸ਼ਾਂ ਦੇ ਬਾਰਡਰ ਦੇ ਵਿਚ ਫਸੇ ਰਹੇ। ਇਹ ਸਾਰੇ ਲੋਕ ਭਾਰਤ ਪਰਤ ਰਹੇ ਸਨ ਪਰ ਇਨ੍ਹਾਂ ਨੂੰ ਐਂਟਰੀ ਨਹੀਂ ਮਿਲੀ। ਪਾਕਿਸਤਾਨ ਨੇ ਆਪਣਾ ਗੇਟ ਬੰਦ ਕਰ ਲਿਆ। ਦੋਵੇਂ ਪਾਸਿਓਂ ਗੇਟ ਬੰਦ ਹੋਣ ਤੋਂ ਬਾਅਦ ਇਹ ਲੋਕ ਬਾਰਡਰ ਦੇ ਵਿਚ ਹੀ ਫਸ ਕੇ ਰਹਿ ਗਏ। ਭਾਰਤੀ ਵਿਦੇਸ਼ ਮੰਤਰਾਲਾ ਤੋਂ ਮਿਲੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਵਿਚ ਐਂਟਰੀ ਦਿੱਤੀ ਗਈ। ਫਿਲਹਾਲ ICP ’ਤੇ ਦੇਰ ਰਾਤ ਉਨ੍ਹਾਂ ਦੀ ਚੈਕਿੰਗ ਜਾਰੀ ਰਹੀ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਚੈੱਕ ਕਰਨ ਲਈ ਪਹੁੰਚ ਗਈ ਹੈ। ਸਕ੍ਰੀਨਿੰਗ ਤੋਂ ਬਾਅਦ ਠੀਕ ਮਿਲਣ ’ਤੇ ਉਨ੍ਹਾਂ ਨੂੰ ਉਥੋਂ ਭੇਜ ਦਿੱਤਾ ਜਾਏਗਾ। ਜੇਕਰ ਕਿਸੇ ਨੂੰ ਮੁਸ਼ਕਲ ਹੋਵੇਗੀ ਤਾਂ ਉਸ ਨੂੰ ਅੰਮ੍ਰਿਤਸਰ ਹਸਪਤਾਲ ਵਿਚ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਦੁਪਿਹਰ 3.00 ਵਜੇ 29 ਭਾਰਤੀਆਂ ਦੀ ਟੀਮ ਪਾਕਿਸਤਾਨ ਤੋਂ ਪਰਤੀ। ਇਹ ਲੋਕ ਪਾਕਿ ਵਿਚ ਆਯੋਜਿਤ ਪ੍ਰੀਮੀਅਰ ਲੀਗ ਦੇਖਣ ਗਏ ਸਨ, ਜੋ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਸੀ ਪਰ ਵੀਜ਼ਾ ਮਿਆਦ ਜ਼ਿਆਦਾ ਦਿਨ ਹੋਣ ਕਾਰਨ ਇਹ ਲੋਕ ਉਥੇ ਹੋਰ ਦਿਨ ਰਹੇ ਅਤੇ ਜਦੋਂ ਕੋਰੋਨਾ ਦਾ ਵਾਇਰਸ ਦਾ ਖੌਫ ਵਧ ਗਿਆ ਤਾਂ ਇਹ ਲੋਕ ਅਟਾਰੀ-ਵਾਘਾ ਬਾਰਡਰ ਦੇ ਰਸਤੇ ਇਧਰ ਆਏ। ਇਨ੍ਹਾਂ ਦੇ ਇਧਰ ਆਉਂਦੇ ਹੀ ਪਾਕਿਸਤਾਨ ਨੇ ਗੇਟ ਬੰਦ ਕਰ ਲਿਆ। ਇਧਰ ਆਉਣ ’ਤੇ ਇਮੀਗ੍ਰੇਸ਼ਨ ਤੇ ਕਸਟਮ ਨੇ ਜਦੋਂ ਉਨ੍ਹਾਂ ਦੇ ਪਾਸਪੋਰਟ ਅਤੇ ਵੀਜ਼ਾ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹ ਲੋਕ ਦਿੱਲੀ ਤੋਂ ਵਾਇਆ ਦੁਬਈ ਪਾਕਿਸਤਾਨ ਗਏ ਸਨ।
ਨਿਯਮ ਮੁਤਾਬਕ ਵਿਅਕਤੀ ਜਿਸ ਪੋਰਟ ਤੋਂ ਵਿਦੇਸ਼ ਜਾਂਦਾ ਹੈ, ਉਸੇ ਤੋਂ ਉਸ ਨੂੰ ਵਾਪਸ ਆਉਣਾ ਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਰੋਕ ਲਿਆ ਗਿਆ। ਰੋਕੇ ਗਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਲੋਕ ਆਪਣੇ ਘਰ ਆ ਰਹੇ ਹਨ ਨਾ ਕਿ ਵਿਦੇਸ਼ ਜਾ ਰਹੇ ਹਨ। ਉਨ੍ਹਾਂ ਨੂੰ ਜ਼ਬਰਦਸਤੀ ਪਾਕਿਸਤਾਨ ਵਾਪਸ ਭੇਜਿਆ ਜਾ ਰਿਹਾ ਹੈ। ਭਾਰਤ ਉਨ੍ਹਾਂ ਨੂੰ ਵਾਪਿਸ ਕਰਨ ਲਈ ਪਾਕਿਸਤਾਨ ਨਾਲ ਸੰਪਰਕ ਕਰਦਾ ਰਿਹਾ, ਪਰ ਉਹ ਵਾਪਿਸ ਲੈਣ ਲਈ ਤਿਆਰ ਨਹੀਂ ਹੋਇਆ। ਸ਼ਾਮ 8.30 ਵਜੇ ਵਿਦੇਸ਼ ਮੰਤਰਾਲਾ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਨੂੰ ਐਂਟਰੀ ਦਿੱਤੀ ਗਈ। ਆਈਪੀਸੀ ਵਿਚ ਚੈਕਿੰਗ ਤੋਂ ਬਾਅਦ ਸਾਰਿਆਂ ਨੂੰ ਕਵਾਰੇਂਟਾਈਨ ਸੈਂਟਰ ਭੇਜਿਆ ਗਿਆ, ਜਿਥੇ ਉਹ 24 ਘੰਟੇ ਰਹਿਣਗੇ।