Shoaib Akhtar On COVID 19: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਜਿੱਥੇ ਇੱਕ ਪਾਸੇ ਰੁੱਕ ਗਈ ਹੈ, ਉੱਥੇ ਹੀ ਪਾਕਿਸਤਾਨ ਦੇ ਕ੍ਰਿਕਟਰ ਸ਼ੋਏਬ ਅਖਤਰ ਨੇ ਲੋਕਾਂ ਨੂੰ ਅਜਿਹੇ ਮੁਸ਼ਕਲ ਸਮੇਂ ਵਿੱਚ ਇੱਕ-ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇੱਕ ਵੀਡੀਓ ਪੋਸਟ ਕੀਤੀ ।ਜਿਸ ਬਾਰੇ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਅਤੇ ਸਰਕਾਰਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ।
ਇਸ ਤੋਂ ਅੱਗੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਮੈਂ ਦੁਨੀਆ ਦੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਸ਼ਵ ਸ਼ਕਤੀ ਦੇ ਤੌਰ ‘ਤੇ ਇੱਕ ਦੂਜੇ ਦਾ ਸਮਰਥਨ ਕਰਨ ਅਤੇ ਧਰਮ ਤੋਂ ਉੱਪਰ ਸੋਚਣ । ਉਨ੍ਹਾਂ ਕਿਹਾ ਕਿ ਲਾਕਡਾਉਨ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਾਇਰਸ ਦਾ ਫੈਲਾਅ ਨਾ ਹੋਵੇ. ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਅਜੇ ਵੀ ਲੋਕਾਂ ਨੂੰ ਮਿਲ ਰਹੇ ਹੋ ਤਾਂ ਕੋਈ ਵੀ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ ।
ਸ਼ੋਏਬ ਨੇ ਅੱਗੇ ਕਿਹਾ ਕਿ ਜੇਕਰ ਤੁਸੀ ਚੀਜ਼ਾਂ ਖਰੀਦਣ ਦੀ ਜਲਦਬਾਜ਼ੀ ਕਰ ਰਹੇ ਹੋ ਤਾਂ ਰੋਜ਼ਾਨਾ ਕੰਮ ਕਰਨ ਵਾਲੇ ਕਾਮਿਆਂ ਬਾਰੇ ਵੀ ਸੋਚੋ, ਜੋ ਰੋਜ਼ਾਨਾ ਕੰਮ ਕਰਦੇ ਹਨ । ਦੁਕਾਨਾਂ ਖਾਲੀ ਹੋ ਚੁੱਕੀਆਂ ਹਨ। ਅਜਿਹੀ ਸਥਿਤੀ ਵਿੱਚ ਇਸ ਗੱਲ ਦੀ ਗਰੰਟੀ ਕੀ ਹੈ ਕਿ ਤੁਸੀਂ ਅਗਲੇ ਤਿੰਨ ਮਹੀਨਿਆਂ ਤੱਕ ਜੀਓਗੇ ।
ਇਸ ਲਈ ਹੁਣ ਇਨਸਾਨ ਬਣਨ ਦਾ ਸਮਾਂ ਆ ਗਿਆ ਹੈ । ਹਿੰਦੂਆਂ ਅਤੇ ਮੁਸਲਮਾਨਾਂ ਨੂੰ ਛੱਡੋ ਅਤੇ ਇਨਸਾਨ ਬਣ ਜਾਵੋ ਅਤੇ ਇੱਕ ਦੂਜੇ ਦੀ ਸਹਾਇਤਾ ਕਰੋ । ਸ਼ੋਏਬ ਨੇ ਅੱਗੇ ਕਿਹਾ ਕਿ ਅਮੀਰ ਤਾਂ ਬਚੇਗਾ ਪਰ ਗਰੀਬ ਕਿਵੇਂ ਬਚੇਗਾ । ਅਸੀਂ ਜਾਨਵਰਾਂ ਵਾਂਗ ਜੀ ਰਹੇ ਹਾਂ, ਇਸ ਲਈ ਇਨਸਾਨਾਂ ਵਾਂਗ ਰਹੋ ।