ਵਾਸ਼ਿੰਗਟਨ, 15 ਜੁਲਾਈ, (ਪੋਸਟ ਬਿਊਰੋ)- ਸੰਸਾਰ ਵਿੱਚ ਫੈਲੀ ਹੋਈ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਏ ਅਮਰੀਕਾ ਵਿੱਚ ਹਾਲਾਤ ਹੋਰ ਵਿਗੜਦੇ ਜਾਂਦੇ ਹਨ। ਅਮਰੀਕਾ ਦਾ ਕੈਲੀਫੋਰਨੀਆ ਸੂਬਾ ਤੇਜ਼ੀ ਨਾਲ ਇਸ ਮਹਾਮਾਰੀ ਦਾ ਨਵਾਂ ਕੇਂਦਰ ਬਣਦਾ ਜਾਪਣ ਲੱਗ ਪਿਆ ਹੈ। ਏਥੇ ਇਨਫੈਕਸ਼ਨ ਦੇ ਵਧਦੇ ਕੇਸਾਂ ਕਾਰਨ ਕਾਰੋਬਾਰਾਂ ਉੱਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ ਅਤੇ ਲਾਸ ਏਂਜਲਸ ਅਤੇ ਸੈਨ ਡਿਆਗੋ ਜ਼ਿਲ੍ਹਿਆਂ ਵਿੱਚ ਸਕੂਲ ਵੀ ਬੰਦ ਕਰ ਦਿੱਤੇ ਗਏ ਅਤੇ ਕਿਹਾ ਗਿਆ ਹੈ ਕਿ ਅਗਸਤ ਵਿੱਚ ਬੱਚੇ ਆਪਣੇ ਘਰ ਵਿੱਚ ਹੀ ਰਹਿਣਗੇ।
ਵਰਨਣ ਯੋਗ ਹੈ ਕਿ ਕੈਲੀਫੋਰਨੀਆ ਵਿੱਚ ਅੱਜ ਤਕ ਕਰੀਬ ਤਿੰਨ ਲੱਖ 45 ਹਜ਼ਾਰ ਕੋਰੋਨਾ ਦੇ ਕੇਸ ਹੋ ਚੁੱਕੇ ਹਨ ਤੇ ਪਿਛਲੇ ਦਿਨਾਂ ਵਿੱਚ ਰੋਜ਼ਾਨਾ ਲਗਪਗ 10 ਹਜ਼ਾਰ ਕੇਸ ਨਿਕਲ ਰਹੇ ਹਨ ਅਤੇ ਸੱਤ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆ ਹਨ। ਇਸ ਦੌਰਾਨ ਪੂਰੇ ਅਮਰੀਕਾ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 35 ਲੱਖ 43 ਹਜ਼ਾਰ ਤੋਂ ਵੱਧ ਹੋ ਚੁੱਕੀ ਅਤੇ ਇਕ ਲੱਖ 39 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ। ਅਮਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜੋਮ ਨੇ ਬੀਤੇ ਸੋਮਵਾਰ ਇਸ ਰਾਜ ਵਿੱਚ ਬਾਰ, ਰੈਸਤਰਾਂ, ਮੂਵੀ ਥਿਏਟਰ, ਮਿਊਜ਼ੀਅਮ ਆਦਿ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਇਸ ਦੇ 30 ਜ਼ਿਲ੍ਹਿਆਂ ਵਿੱਚ ਚਰਚ, ਜਿਮ ਤੇ ਹੇਅਰ ਸੈਲੂਨ ਵੀ ਬੰਦ ਕਰਨ ਨੂੰ ਕਿਹਾ ਹੈ। ਲਾਸ ਏਂਜਲਸ ਤੇ ਸੈਨ ਡਿਆਗੋ ਜ਼ਿਲ੍ਹਿਆਂ ਦੇ ਪਬਲਿਕ ਸਕੂਲਾਂ ਨੇ ਆਪਣੇ ਸੱਤ ਲੱਖ ਛੇ ਹਜ਼ਾਰ ਵਿਦਿਆਰਥੀਆਂ ਤੇ ਕਰੀਬ 88 ਹਜ਼ਾਰ ਸਟਾਫ ਮੈਂਬਰਾਂ ਲਈ ਨਿਰਦੇਸ਼ ਵਿੱਚ ਸਿਰਫ ਆਨਲਾਈਨ ਪੜ੍ਹਾਈ ਦੀ ਗੱਲ ਹੀ ਕਹੀ ਹੈ। ਸਭ ਤੋਂ ਵੱਧ ਪ੍ਰਭਾਵਤ ਅਮਰੀਕੀ ਰਾਜ ਨਿਊਯਾਰਕ ਵਿੱਚ ਇਸ ਵੇਲੇ ਨਵੇਂ ਕੇਸਾਂ ਦੀ ਗਿਰਾਵਟ ਜਾਰੀ ਹੈ। ਨਿਊਯਾਰਕ ਵਿੱਚ ਅੱਜ ਤੱਕ ਚਾਰ ਲੱਖ 29 ਹਜ਼ਾਰ ਤੋਂ ਵੱਧ ਕੇਸ ਤੇ 32,462 ਮੌਤਾਂ ਹੋ ਚੁੱਕੀਆਂ ਹਨ। ਫਲੋਰੀਡਾ, ਐਰੀਜ਼ੋਨਾ ਅਤੇ ਟੈਕਸਾਸ ਵਿੱਚ ਵੀ ਕੇਸ ਵਧ ਰਹੇ ਹਨ। ਅਮਰੀਕਾ ਦੇ 50 ਵਿੱਚੋਂ 40 ਰਾਜਾਂ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਵਧ ਰਹੀ ਜਾਂਦੀ ਹੈ।
ਦੂਸਰੇ ਪਾਸੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਤ ਦੇਸ਼ ਬ੍ਰਾਜ਼ੀਲ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧ ਕੇ 19 ਲੱਖ 31 ਹਜ਼ਾਰ ਤੋਂ ਟੱਪ ਗਈ ਅਤੇ 74 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
next post