ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਰਾਹਤ ਪੈਕੇਜ ਬਿੱਲ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬਿੱਲ ’ਚ ਅਮਰੀਕੀ ਨਾਗਰਿਕਾਂ ਨੂੰ 600 ਡਾਲਰ ਦੇਣ ਦੀ ਵਿਵਸਥਾ ਢੁੱਕਵੀਂ ਨਹੀਂ ਹੈ ਤੇ ਸੰਸਦ ਨੂੰ ਇਸ ਰਾਹਤ ਰਾਸ਼ੀ ਨੂੰ ਵਧਾ ਕੇ 2000 ਡਾਲਰ ਕਰਨਾ ਚਾਹੀਦਾ ਹੈ।
ਟਰੰਪ ਨੇ ਮੰਗਲਵਾਰ ਰਾਤ ਟਵਿੱਟਰ ’ਤੇ ਇਕ ਵੀਡੀਓ ਪੋਸਟ ਕੀਤਾ ਜਿਸ ’ਚ ਉਨ੍ਹਾਂ ਕਿਹਾ ਕਿ ਬਿੱਲ ’ਚ ਦੂਸਰੇ ਦੇਸ਼ਾਂ ਨੂੰ ਬਹੁਤ ਵੱਧ ਪੈਸਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਅਮਰੀਕੀ ਲੋਕਾਂ ਨੂੰ ਦਿੱਤੀ ਜਾਣ ਵਾਲੀ ਰਕਮ ਬਹੁਤ ਘੱਟ ਹੈ।
ਟਰੰਪ ਨੇ ਇਸ ਵੀਡੀਓ ’ਚ ਕਿਹਾ, ‘ਕੁਝ ਮਹੀਨੇ ਪਹਿਲਾਂ ਅਮਰੀਕੀ ਲੋਕਾਂ ਦੀ ਮਦਦ ਲਈ ਸੰਸਦ ’ਚ ਰਾਹਤ ਪੈਕੇਜ ’ਤੇ ਗੱਲਬਾਤ ਸ਼ੁਰੂ ਹੋਈ ਸੀ। ਹਾਲਾਂਕਿ ਜੋ ਬਿੱਲ ਮੇਰੇ ਕੋਲ ਭੇਜਿਆ ਜਾਣਾ ਹੈ ਉਹ ਮੇਰੀ ਉਮੀਦ ਤੋਂ ਪੂਰੀ ਤਰ੍ਹਾਂ ਵੱਖਰਾ ਹੈ। ਇਹ ਅਪਮਾਨ ਹੈ।’ ਉਨ੍ਹਾਂ ਕਿਹਾ ਕਿ 900 ਡਾਲਰ ਦਾ ਰਾਹਤ ਪੈਕੇਜ ਇਕ ਫਿਜ਼ੂਲ ਦਾ ਖਰਚਾ ਹੈ ਤੇ ਇਸ ’ਚ ਸਖ਼ਤ ਮਿਹਨਤ ਕਰ ਕੇ ਟੈਕਸ ਦੇਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਰਾਹਤ ਦੇ ਰੂਪ ’ਚ ਸਿਰਫ 600 ਡਾਲਰ ਦਿੱਤੇ ਜਾ ਰਹੇ ਹਨ। ਇਸ ਬਿੱਲ ’ਚ ਛੋਟੀਆਂ ਸਨਅਤਾਂ ਨੂੰ ਢੁੱਕਵੀਂ ਰਾਹਤ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਬਿੱਲ ’ਚ ਉਨ੍ਹਾਂ ਰੇਸਤਰਾਂ ਮਾਲਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ ਜੋ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਟਰੰਪ ਨੇ ਸੰਸਦ ਤੋਂ ਮੰਗ ਕੀਤੀ ਕਿ ਉਹ ਇਸ ਬਿੱਲ ’ਚ ਸੋਧ ਕਰਨ ਤੇ ਰਾਹਤ ਰਾਸ਼ੀ ਨੂੰ 600 ਡਾਲਰ ਤੋਂ ਵਧਾ ਕੇ 2000 ਡਾਲਰ ਜਾਂ 4000 ਡਾਲਰ ਪ੍ਰਤੀ ਵਿਅਕਤੀ ਕੀਤਾ ਜਾਵੇ।