ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਰਾਹਤ ਪੈਕੇਜ ਬਿੱਲ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬਿੱਲ ’ਚ ਅਮਰੀਕੀ ਨਾਗਰਿਕਾਂ ਨੂੰ 600 ਡਾਲਰ ਦੇਣ ਦੀ ਵਿਵਸਥਾ ਢੁੱਕਵੀਂ ਨਹੀਂ ਹੈ ਤੇ ਸੰਸਦ ਨੂੰ ਇਸ ਰਾਹਤ ਰਾਸ਼ੀ ਨੂੰ ਵਧਾ ਕੇ 2000 ਡਾਲਰ ਕਰਨਾ ਚਾਹੀਦਾ ਹੈ।
ਟਰੰਪ ਨੇ ਮੰਗਲਵਾਰ ਰਾਤ ਟਵਿੱਟਰ ’ਤੇ ਇਕ ਵੀਡੀਓ ਪੋਸਟ ਕੀਤਾ ਜਿਸ ’ਚ ਉਨ੍ਹਾਂ ਕਿਹਾ ਕਿ ਬਿੱਲ ’ਚ ਦੂਸਰੇ ਦੇਸ਼ਾਂ ਨੂੰ ਬਹੁਤ ਵੱਧ ਪੈਸਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਅਮਰੀਕੀ ਲੋਕਾਂ ਨੂੰ ਦਿੱਤੀ ਜਾਣ ਵਾਲੀ ਰਕਮ ਬਹੁਤ ਘੱਟ ਹੈ।
ਟਰੰਪ ਨੇ ਇਸ ਵੀਡੀਓ ’ਚ ਕਿਹਾ, ‘ਕੁਝ ਮਹੀਨੇ ਪਹਿਲਾਂ ਅਮਰੀਕੀ ਲੋਕਾਂ ਦੀ ਮਦਦ ਲਈ ਸੰਸਦ ’ਚ ਰਾਹਤ ਪੈਕੇਜ ’ਤੇ ਗੱਲਬਾਤ ਸ਼ੁਰੂ ਹੋਈ ਸੀ। ਹਾਲਾਂਕਿ ਜੋ ਬਿੱਲ ਮੇਰੇ ਕੋਲ ਭੇਜਿਆ ਜਾਣਾ ਹੈ ਉਹ ਮੇਰੀ ਉਮੀਦ ਤੋਂ ਪੂਰੀ ਤਰ੍ਹਾਂ ਵੱਖਰਾ ਹੈ। ਇਹ ਅਪਮਾਨ ਹੈ।’ ਉਨ੍ਹਾਂ ਕਿਹਾ ਕਿ 900 ਡਾਲਰ ਦਾ ਰਾਹਤ ਪੈਕੇਜ ਇਕ ਫਿਜ਼ੂਲ ਦਾ ਖਰਚਾ ਹੈ ਤੇ ਇਸ ’ਚ ਸਖ਼ਤ ਮਿਹਨਤ ਕਰ ਕੇ ਟੈਕਸ ਦੇਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਰਾਹਤ ਦੇ ਰੂਪ ’ਚ ਸਿਰਫ 600 ਡਾਲਰ ਦਿੱਤੇ ਜਾ ਰਹੇ ਹਨ। ਇਸ ਬਿੱਲ ’ਚ ਛੋਟੀਆਂ ਸਨਅਤਾਂ ਨੂੰ ਢੁੱਕਵੀਂ ਰਾਹਤ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਬਿੱਲ ’ਚ ਉਨ੍ਹਾਂ ਰੇਸਤਰਾਂ ਮਾਲਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ ਜੋ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਟਰੰਪ ਨੇ ਸੰਸਦ ਤੋਂ ਮੰਗ ਕੀਤੀ ਕਿ ਉਹ ਇਸ ਬਿੱਲ ’ਚ ਸੋਧ ਕਰਨ ਤੇ ਰਾਹਤ ਰਾਸ਼ੀ ਨੂੰ 600 ਡਾਲਰ ਤੋਂ ਵਧਾ ਕੇ 2000 ਡਾਲਰ ਜਾਂ 4000 ਡਾਲਰ ਪ੍ਰਤੀ ਵਿਅਕਤੀ ਕੀਤਾ ਜਾਵੇ।
ਟਰੰਪ ਦੀ ਤਜਵੀਜ਼ ਦੀ ਨੁਮਾਇੰਦਗੀ ਸਭਾ ਦੀ ਪ੍ਰਧਾਨ ਨੈਂਸੀ ਪੇਲੋਸੀ ਨੇ ਹਮਾਇਤ ਕੀਤੀ ਹੈ। ਉਨ੍ਹਾਂ ਇਕ ਟਵੀਟ ’ਚ ਕਿਹਾ ਕਿ ਹੁਣ ਕਿਉਂਕਿ ਰਾਸ਼ਟਰਪਤੀ ਦੋ ਹਜ਼ਾਰ ਡਾਲਰ ਦੀ ਰਾਸ਼ੀ ’ਤੇ ਸਹਿਮਤ ਹੋ ਗਏ ਹਨ, ਇਸ ਲੀ ਡੈਮੋਕ੍ਰੇਟ ਇਸ ਸਬੰਧ ’ਚ ਛੇਤੀ ਹੀ ਇਕ ਤਜਵੀਜ਼ ਲਿਆਉਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਤਜਵੀਜ਼ ਵੀਰਵਾਰ ਨੂੰ ਸੰਸਦ ’ਚ ਲਿਆਂਦੀ ਜਾ ਸਕਦੀ ਹੈ। ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧ ਰੱਖਣ ਵਾਲੀ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਵੀ ਰਾਹਤ ਪੈਕੇਜ ਰਾਸ਼ੀ ਵਧਾਉਣ ਦੀ ਮੰਗ ਕੀਤੀ ਹੈ। ਉਧਰ, ਰਿਪਬਲਿਕਨ ਪਾਰਟੀ ਨਾਲ ਸਬੰਧ ਰੱਖਣ ਵਾਲੀ ਭਾਰਤੀ ਮੂਲ ਦੀ ਅਮਰੀਕੀ ਨਿੱਕੀ ਰੇਲੀ ਨੇ ਹਿਾ ਕਿ ਦੂਸਰੇ ਦੇਸ਼ਾਂ ਦੀ ਬਜਾਏ ਸੰਸਦ ਨੂੰ ਅਮਰੀਕੀ ਲੋਕਾਂ ਤੇ ਛੋਟੇ ਕਾਰੋਬਾਰੀਆਂ ਨੂੰ ਇਸ ਸੰਕਟ ’ਚੋ ਕੱਢਣ ’ਚ ਮਦਦ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਮਹੀਨਿਆਂ ਤਕ ਚਲੀ ਗੱਲਬਾਤ ਤੋਂ ਬਾਕੀ ਮਿਲੀ ਸੀ ਰਾਹਤ ਬਿੱਲ ਨੂੰ ਮਨਜ਼ੂਰੀ
ਅਮਰੀਕੀ ਸੰਸਦ ਨੇ ਮਹੀਨਿਆਂ ਤਕ ਚਲੀ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ ਹੀ 900 ਅਰਬ ਡਾਲਰ ਦੇ ਕੋਰੋਨਾ ਰਾਹਤ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਇਸ ਨਾਲ ਕਾਰੋਬਾਰੀਆਂ ਤੇ ਆਮ ਲੋਕਾਂ ਦੀ ਨਕਦੀ ਸਬੰਧੀ ਜ਼ਰੂਰਤ ਪੂਰੀ ਹੋਣ ਤੇ ਸਾਰਿਆਂ ਤਕ ਵੈਕਸੀਨ ਪਹੁੰਚਣ ’ਚ ਮਦਦ ਮਿਲਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਗਈਆਂ ਸਨ। ਇਸ ਬਿੱਲ ਨੂੰ ਸੋਮਵਾਰ ਦੁਪਹਿਰ ਸਦਨ ’ਚ ਰੱਖਿਆ ਗਿਆ ਸੀ। ਸੈਨੇਟ ਨੇ ਜਿੱਥੇ ਇਸ ਨੂੰ 92-6 ਦੇ ਭਾਰੀ ਬਹੁਮਤ ਨਾਲ ਮਨਜ਼ੂਰੀ ਦਿੱਤੀ ਸੀ ਉੱਥੇ ਨੁਮਾਇੰਦਗੀ ਸਭਾ ’ਚ ਇਸ ਦੇ ਪੱਖ ’ਚ 359 ਤੇ ਵਿਰੋਧ ’ਚ 53 ਵੋਟਾਂ ਪਈਆਂ ਸਨ।
ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਬਿੱਲ
ਇਸ ਪੈਕੇਜ ਤਹਿਤ ਬੇਰੁਜ਼ਗਾਰਾਂ ਨੂੰ 11 ਮਹੀਨੇ ਤਕ ਹਰ ਹਫ਼ਤੇ 300 ਡਾਲਰ ਤੇ ਜ਼ਰੂਰਤਮੰਦ ਲੋਕਾਂ ਨੂੰ 600 ਡਾਲਰ ਦੀ ਸਹਾਇਤਾ ਦਿੱਤੀ ਜਾਵੇਗੀ। ਨਵੀ ਵਿਵਸਥਾ ਤਹਿਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਕਾਰੋਬਾਰ, ਸਕੂਲਾਂ ਤੇ ਸਿਹਤ ਸੇਵਾਵਾਂ ਦੀ ਵੀ ਮਦਦ ਕੀਤੀ ਜਾਵੇਗੀ। ਬਿੱਲ ’ਚ 5593 ਪੰਨੇ ਹਨ ਤੇ ਇਸ ਨੂੰ ਅਮਰੀਕਾ ਦੇ ਇਤਿਹਾਸ ’ਚ ਹੁਣ ਤਕ ਦਾ ਸਭ ਤੋਂ ਵੱਡਾ ਬਿੱਲ ਕਿਹਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਤੇ ਅਰਥਚਾਰੇ ਨੂੰ ਰਫ਼ਤਾਰ ਦੇਣ ਦੇ ਇਰਾਦੇ ਨਾਲ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਇਸ ਸਮਝੌਤੇ ਨੂੰ ਲਾਗੂ ਕਰਨ ਦੇ ਪੱਖ ’ਚ ਸਨ। ਉਨ੍ਹਾਂ ਨੇ ਆਪਣੀ ਪਾਰਟੀ ਨੂੰ ਇਸ ਸਬੰਧ ’ਚ ਡੈਮੋ¬ਕ੍ਰੇਟ ਨਾਲ ਸਹਿਮਤੀ ਬਣਾਉਣ ਦੀ ਅਪੀਲ ਕੀਤੀ ਸੀ।