ਕੁਦਰਤ ਦੀ ਬਣਾਈ ਇਸ ਖ਼ੂਬਸੂਰਤ ਦੁਨੀਆ ਵਿਚ ਜੋ ਕੋਰੋਨਾ ਨਾਂ ਦੀ ਆਲਮੀ ਵਬਾ ਫੈਲੀ ਹੋਈ ਹੈ, ਉਸ ਨੇ ਸੰਸਾਰ ਦੇ ਹਰ ਖਿੱਤੇ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੀ ਮਾਰ ਤੋਂ ਫਿਟਨੈੱਸ ਅਤੇ ਖੇਡ ਜਗਤ ਵੀ ਅਛੂਤਾ ਨਹੀਂ ਰਹਿ ਸਕਿਆ। ਕਹਿੰਦੇ ਨੇ ‘ਇਲਾਜ ਨਾਲੋਂ ਪਰਹੇਜ਼ ਚੰਗਾ’। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਵਿਕਸਿਤ ਦੇਸ਼ਾਂ ਨੇ ਮੈਡੀਕਲ ਸਹੂਲਤਾਂ ਤੋਂ ਪਹਿਲਾਂ ਖੇਡਾਂ ਤੇ ਫਿਟਨੈੱਸ ਨੂੰ ਤਰਜੀਹ ਦਿੱਤੀ ਹੈ ਤਾਂ ਜੋ ਆਮ ਲੋਕ ਸਰੀਰਕ ਪੱਖੋਂ ਮਜ਼ਬੂਤ ਬਣ ਸਕਣ ਤੇ ਕੋਈ ਵੀ ਵਾਇਰਲ ਇਨਫੈਕਸ਼ਨ ਉਨ੍ਹਾਂ ਦੇ ਇਮਿਊਨ ਸਿਸਟਮ ਨੂੰ ਨੁਕਸਾਨ ਨਾ ਪਹੁੰਚਾ ਸਕੇ ਤੇ ਕੋਵਿਡ-19 ਵਰਗੀ ਵਾਇਰਲ ਇਨਫੈਕਸ਼ਨ ਕਿਸੇ ਨੂੰ ਹੋਵੇ ਵੀ ਤਾਂ ਉਹ ਛੇਤੀ ਰੀਕਵਰ ਕਰ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੇ ਪੇਸ਼ੇਵਰ ਖਿਡਾਰੀਆਂ ਲਈ ਵੀ ਬਾਇਓ ਸਕਿਉਰ ਬਬਲ ਬਣਾਏ ਹਨ, ਜਿੱਥੇ ਰਹਿ ਕੇ ਉਨ੍ਹਾਂ ਦੀ ਟੋਕੀਓ ਓਲੰਪਿਕਸ ਖੇਡਾਂ ਲਈ ਪ੍ਰੋਫੈਸ਼ਨਲ ਸਿਖਲਾਈ ਚੱਲ ਰਹੀ ਹੈ।ਇਸ ਸੰਕਟ ਦੇ ਸਮੇਂ ਵਿਚ ਵਿਸ਼ਵ ਸਿਹਤ ਸੰਗਠਨ ਤੇ ਵੱਖੋ-ਵੱਖਰੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਕਈ ਕੋਵਿਡ-19 ਗਾਈਡਲਾਈਨਜ਼ ਜਾਰੀ ਕਰ ਰਹੀਆਂ ਹਨ। ਭਾਰਤ ਵਿਚ ਸਿਹਤ ਮੰਤਰਾਲਾ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਐਂਡ ਰਿਸਰਚ ਸਮੇਂ-ਸਮੇਂ ’ਤੇ ਦੇਸ਼ ਦੇ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਹਦਾਇਤਾਂ ਜਾਰੀ ਕਰਦੀ ਰਹਿੰਦੀ ਹੈ। ਪੰਜਾਬ ਵਿਚ ਇਹ ਦਾਰੋਮਦਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹਿੱਸੇ ਆਉਂਦਾ ਹੈ। ਕੋਵਿਡ-19 ਗਾਈਡਲਾਈਨਜ਼ ਤਜਰਬੇਕਾਰ ਸਿਹਤ ਮਾਹਿਰਾਂ ਅਤੇ ਉੱਚ ਸਰਕਾਰੀ ਨੀਤੀ ਘਾੜਿਆਂ ਵੱਲੋਂ ਬਣਾਈਆਂ ਜਾਂਦੀਆਂ ਹਨ ਪਰ ਕਿਤੇ ਨਾ ਕਿਤੇ ਦੇਖਣ ’ਚ ਇਹ ਲੱਗਦਾ ਹੈ ਕਿ ਇਹ ਨੀਤੀਆਂ ਏ.ਸੀ. ਕਮਰਿਆਂ ਵਿਚ ਬੈਠ ਕੇ ਸਰਕਾਰ ਦੀ ਸਹੂਲਤ ਦੇ ਹਿਸਾਬ ਨਾਲ ਬਣਾਈਆਂ ਜਾਂਦੀਆਂ ਹਨ। ਇਹ ਗਾਈਡਲਾਈਨਜ਼ ਬਣਾਉਣ ਤੋਂ ਪਹਿਲਾਂ ਜ਼ਮੀਨੀ ਪੱਧਰ ਦੀ ਹਕੀਕਤ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਆਪਣੇ ਦੇਸ਼ ਵਿਚ ਕੋਵਿਡ ਲਾਕਡਾਊਨ ਦੇ ਨਾਂ ’ਤੇ ਖੇਡ ਸੈਂਟਰ ਅਤੇ ਜਿੰਮ ਤਾਂ ਬੰਦ ਕਰਵਾ ਦਿੱਤੇ ਹਨ ਪਰ ਸ਼ਰਾਬ ਦੇ ਠੇਕੇ, ਚੋਣ ਰੈਲੀਆਂ, ਧਾਰਮਿਕ ਸਮਾਗਮਾਂ ਆਦਿ ’ਤੇ ਵੋਟ ਬੈਂਕ ਦੀ ਰਾਜਨੀਤੀ ਕਾਰਨ ਕੋਈ ਠੋਸ ਕਾਰਵਾਈ ਨਹੀਂ ਕੀਤੀ। ਚਾਹੇ ਕੇਂਦਰ ਸਰਕਾਰ ਦੀ ਕੋਵਿਡ-19 ਪ੍ਰਬੰਧਨ ਕਮੇਟੀ ਹੋਵੇ ਜਾਂ ਰਾਜਾਂ ਦੀ ਕਮੇਟੀ ਹੋਵੇ, ਕਿਸੇ ਨੇ ਵੀ ਖੇਡ ਸੈਂਟਰ ਅਤੇ ਜਿੰਮ ਬੰਦ ਕਰਨ ਦੀ ਤਜਵੀਜ਼ ਪੇਸ਼ ਕਰਨ ਤੋਂ ਪਹਿਲਾਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕਿਸੇ ਨੁਮਾਇੰਦੇ, ਫਿਟਨੈੱਸ ਮਾਹਿਰ ਜਾਂ ਖੇਡ ਮਾਹਿਰ ਦੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਸਮਝੀ। ਹਾਲਾਂਕਿ ਆਪਣੇ ਦੇਸ਼ ਵੱਲੋਂ ਵੀ ਕਈ ਖਿਡਾਰੀ ਓਲੰਪਿਕਸ ਲਈ ਕੁਆਲੀਫਾਈ ਕਰ ਚੁੱਕੇ ਹਨ, ਉਨ੍ਹਾਂ ਦੀ ਸਿਖਲਾਈ ਲਈ ਕਿਸੇ ਕਿਸਮ ਦਾ ਬਾਇਓ ਸਕਿਉਰ ਬਬਲ ਟ੍ਰੇਨਿੰਗ ਸੈਂਟਰ ਨਹੀਂ ਬਣਾਇਆ ਗਿਆ। ਇਨ੍ਹਾਂ ‘ਮਹਾਨ’ ਨੀਤੀਵਾਨਾਂ ਨੇ ਤਾਂ ਇੰਡੋਰ ਜਿੰਮ ਅਤੇ ਆਊਟਡੋਰ ਖੇਡ ਕੰਪਲੈਕਸਾਂ ਨੂੰ ਇੱਕੋ ਰੱਸੇ ਪਰੋ ਕੇ ਰੱਖ ਦਿੱਤਾ। ਆਊਟਡੋਰ ਖੇਡ ਸੈਂਟਰਾਂ ਵਿਚ ਕੋਰੋਨਾ ਗਾਈਡਲਾਈਨਜ਼ ਨੂੰ ਧਿਆਨ ਵਿਚ ਰੱਖਦਿਆਂ ਬੜੀ ਆਸਾਨੀ ਨਾਲ ਟ੍ਰੇਨਿੰਗ ਕਰਵਾਈ ਜਾ ਸਕਦੀ ਹੈ।