- ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਪਰਿਵਾਰਾਂ ਵੱਲੋਂ ਅਸਵਿਕਾਰ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣ ਕਾਰਨ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਐਲਾਨ ਕੀਤਾ ਕਿ ਇਹਨਾਂ ਲਾਸ਼ਾਂ ਨੂੰ ਰੁਲਣ ਨਹੀਂ ਦੇਵਾਂਗੇ। ਅਸੀਂ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਲਾਸ਼ਾਂ ਨੂੰ ਚੁੱਕ ਕੇ ਪੂਰੀਆਂ ਰਸਮਾਂ-ਰਿਵਾਜਾਂ ਸਮੇਤ ਉਸ ਦਾ ਸਸਕਾਰ ਕਰਾਂਗੇ।
ਨੌਜਵਾਨ ਭਾਰਤ ਸਭਾ ਦੇ ਇਲਾਕਾਪ੍ਰਧਾਨ ਰਜਿੰਦਰ ਸਿੰਘ ਰਾਜਿਆਣਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮੋਹਨ ਸਿੰਘ ਔਲਖ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡਾ ਵਿਰਸਾ ਭਾਈ ਘਨਈਏ ਦਾ ਵਿਰਸਾ ਹੈ।
ਜੇਕਰ ਪੰਜਾਬ ਦੀ ਧਰਤੀ ‘ਤੇ ਹੋਰਨਾਂ ਸਮੇਤ ਕਰੋਨਾ ਕਾਰਨ ਅਲਵਿਦਾ ਆਖ ਗਏ ਹਰਮਿੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਲਾਸ਼ ਦੀ ਬੇਪੱਤੀ ਹੁੰਦੀ ਹੈ ਤੇ ਹੁਣ ਅੰਮ੍ਰਿਤਸਰ ਵਿਖੇ ਆਪਣੇ ਹੀ ਸਕੇ ਸਬੰਧੀਆ ਵੱਲੋਂ ਨਗਰ ਨਿਗਮ ਦੇ ਸਾਬਕਾ ਸੁਪਰਡੈਂਟ ਇੰਜੀਨੀਅਰ ਜਸਵਿੰਦਰ ਸਿੰਘ ਦੀ ਲਾਸ਼ ਦਾ ਆਪਣੇ ਹੱਥੀਂ ਸਸਕਾਰ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਇਹ ਘਟਨਾਵਾਂ ਸਾਬਿਤ ਕਰਦੀਆਂ ਹਨ ਕਿ ਮਸਲਾ ਲਾਸ਼ਾਂ ਨਹੀਂ ਬਲਕਿ ਸਾਡਾ ਵਿਰਸਾ ਰੁਲਣਾ ਦਾ ਹੈ।
ਅਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਲਾਸ਼ਾਂ ਨੂੰ ਥਾਂ ਟਿਕਾਣੇ ਲਾਉਣ, ਆਪਣੇ ਵਿਰਸੇ ਨੂੰ ਸਾਂਭਣ ਦਾ ਬੀੜਾ ਚੁੱਕਦੇ ਹਾਂ।ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਮਾਣੂੰਕੇ, ਦੀਪ ਹਸਪਤਾਲ ਦੇ ਡਾਕਟਰ ਹਰਗੁਰਪਰਤਾਪ( ਐਮ.ਬੀ.ਬੀ.ਐਸ) ਨੇ ਕਿਹਾ ਕਿ ਇਹ ਕਾਰਜ ਕਰਦਿਆਂ ਕੋਰੋਨਾ ਤੋਂ ਰੋਕਥਾਮ ਲਈ ਸਾਡੇ ਕੋਲ ਪੀ.ਪੀ.ਈ ਕਿੱਟਾਂ, ਗਲਬਜ, ਮਾਸਕ ਵਗੈਰਾ ਦਾ ਪੂਰਾ ਪ੍ਰਬੰਧ ਹੈ। ਜੇਕਰ ਪ੍ਰਸਾਸ਼ਨ ਤੇ ਸਰਕਾਰ ਮਦਦ ਕਰੇ ਤਾਂ ਅਸੀਂ ਇਸ ਕਾਰਜ ਨੂੰ ਜਿਆਦਾ ਸੁਚੱਜੇ ਢੰਗ ਨਾਲ ਕਲ ਸਕਦੇ ਹਾਂ। ਅਸੀਂ ਪ੍ਰਸਾਸ਼ਨ ਤੋਂ ਇਸ ਕਾਰਜ ਲਈ ਪਾਸ ਮੁਹੱਈਆ ਕੀਤੇ ਜਾਣ ਦੀ ਵੀ ਮੰਗ ਕਰਦੇ ਹਾਂ।