US records 1514 deaths: ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ । ਹੁਣ ਤੱਕ ਤਕਰੀਬਨ 200 ਦੇਸ਼ਾਂ ਵਿੱਚ ਫੈਲ ਚੁੱਕੇ ਵਾਇਰਸ ਨਾਲ 1,846,963 ਲੋਕ ਇਨਫੈਕਟਿਡ ਹਨ ਜਦਕਿ 114,247 ਲੋਕਾਂ ਦੀ ਜਾਨ ਜਾ ਚੁੱਕੀ ਹੈ । ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਅਮਰੀਕਾ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 5 ਲੱਖ 54 ਹਜ਼ਾਰ 226 ਤੱਕ ਪਹੁੰਚ ਗਈ ਹੈ ਤੇ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 21,994 ਹੋ ਗਈ ਹੈ ।
ਅਮਰੀਕਾ ਵਿੱਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਨਹੀਂ ਹੋ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ ਇੱਥੇ ਕੋਰੋਨਾ ਵਾਇਰਸ ਨਾਲ 1514 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਸਬੰਧੀ ਜੌਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 22,073 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਜੇਕਰ ਇੱਥੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8 ਹਜ਼ਾਰ ਦੇ ਪਾਰ ਪਹੁੰਚ ਗਈ ਹੈ । ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਦੇਰ ਸ਼ਾਮ ਜਾਰੀ ਅੰਕੜਿਆਂ ਅਨੁਸਾਰ ਮਰੀਜ਼ਾਂ ਦੀ ਗਿਣਤੀ 8,447 ਹੋ ਚੁੱਕੀ ਹੈ ਜਦਕਿ 308 ਲੋਕਾਂ ਦੀ ਮੌਤ ਹੋ ਗਈ ਹੈ । ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਮਾਨਾਂ ਅਨੁਸਾਰ ਵੱਡੇ ਦੇਸ਼ਾਂ ਵਿੱਚ ਲਾਕ ਡਾਊਨ ਤੇ ਇਲਾਜ ਦੇ ਐਮਰਜੈਂਸੀ ਇੰਤਜ਼ਾਮਾਂ ਦੇ ਬਾਵਜੂਦ ਅਪ੍ਰੈਲ ਦੇ ਅੰਤ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ 30 ਤੋਂ 35 ਲੱਖ ਹੋ ਸਕਦੀ ਹੈ ।