ਵਾਸ਼ਿੰਗਟਨ: ਚੀਨ (China) ਵਿੱਚ ਖੋਜਕਰਤਾਵਾਂ ਨੂੰ ਨਵੀਂ ਕਿਸਮ ਦਾ ਸਵਾਈਨ ਫਲੂ (new swine flu) ਮਿਲਿਆ ਹੈ, ਜੋ ਨਵੀਂ ਮਹਾਮਾਰੀ ਸ਼ੁਰੂ ਕਰ ਸਕਦਾ ਹੈ। ਇਹ ਤੱਥ ਸੋਮਵਾਰ ਨੂੰ ਯੂਐਸ ਸਾਇੰਸ ਜਰਨਲ ਪੀਐਨਏਐਸ ਦੇ ਪ੍ਰਕਾਸ਼ਤ ਅਧਿਐਨ ਵਿੱਚ ਸਾਹਮਣੇ ਆਇਆ ਹੈ। ਇਸ ਨਵੀਂ ਕਿਸਮ ਦੇ ਫਲੂ ਦਾ ਨਾਂ G4 ਰੱਖਿਆ ਗਿਆ ਹੈ। ਇਹ H1N1 ਦੇ ਉਸੇ ਸਟ੍ਰੇਨ ਤੋਂ ਲਿਆ ਗਿਆ ਹੈ, ਜਿਸ ਨੇ 2009 ਵਿੱਚ ਮਹਾਮਾਰੀ ਫੈਲਾਈ ਸੀ। ਚੀਨ ਦੇ ਬਿਮਾਰੀ ਨਿਯੰਤਰਣ ਤੇ ਰੋਕਥਾਮ ਕੇਂਦਰ ਦੇ ਵਿਗਿਆਨੀਆਂ ਨੇ ਇਸ ਦੀ ਖੋਜ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਵੀਂ ਕਿਸਮ ਵਿੱਚ ਮਨੁੱਖ ਨੂੰ ਸੰਕਰਮਿਤ ਕਰਨ ਦੇ ਸਾਰੇ ਲੱਛਣ ਮੌਜੂਦ ਹਨ।
ਦੱਸ ਦੇਈਏ ਕਿ 2011 ਤੋਂ 2018 ਦੇ ਵਿਚਕਾਰ ਖੋਜਕਰਤਾਵਾਂ (Chinese researchers) ਨੇ 10 ਚੀਨੀ ਸੂਬਿਆਂ ਤੇ ਵੈਟਰਨਰੀ ਹਸਪਤਾਲਾਂ ਵਿੱਚੋਂ 30,000 ਸੂਰਾਂ ਦੇ ਨਮੂਨੇ ਲਏ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਨੇ 179 ਸਵਾਈਨ ਫਲੂ ਦੇ ਵਾਇਰਸਾਂ ਨੂੰ ਅਲੱਗ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਾਇਰਸ ਨਵੇਂ ਕਿਸਮਾਂ ਦੇ ਹਨ, ਜੋ ਸਾਲ 2016 ਤੋਂ ਬਾਅਦ ਸੂਰਾਂ ਵਿਚ ਵੱਡੇ ਪੱਧਰ ‘ਤੇ ਪਾਏ ਗਏ।
ਇਸ ਤੋਂ ਬਾਅਦ ਖੋਜਕਰਤਾਵਾਂ ਨੇ ਨੇਵਲਾਂ ‘ਤੇ ਇਸ ਵਾਇਰਸ ਦੇ ਕਈ ਪ੍ਰਯੋਗ ਕੀਤੇ ਕਿਉਂਕਿ ਇਨ੍ਹਾਂ ‘ਚ ਬੁਖਾਰ, ਖੰਘ ਤੇ ਛਿੱਕ ਵਰਗੇ ਇਹ ਲੱਛਣ ਇਨਸਾਨਾਂ ਵਰਗੇ ਹਨ, ਇਸ ਲਈ ਨੇਵਲ ਫਲੂ ਦੇ ਟੈਸਟਾਂ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਇਸ ਖੋਜ ਵਿੱਚ ਇਹ ਖੁਲਾਸਾ ਹੋਇਆ ਕਿ ਜੀ4 ਨੇ ਨੇਵਲ ਵਿੱਚ ਦੂਜੇ ਫਲੂ ਦੇ ਵਾਇਰਸਾਂ ਨਾਲੋਂ ਜਿਆਦਾ ਸੰਕਰਮ ਫੈਲਾਇਆ। ਜਾਂਚ ਨੇ ਇਹ ਵੀ ਖੁਲਾਸਾ ਕੀਤਾ ਕਿ ਮੌਸਮੀ ਫਲੂ ਪ੍ਰਤੀ ਟਾਕਰੇ ਦੀ ਅਨੁਕੂਲਤਾ ਜੀ4 ਦੇ ਸਾਹਮਣੇ ਵਧੇਰੇ ਪ੍ਰਭਾਵਸ਼ਾਲੀ ਨਹੀਂ ਹੁੰਦੀ।
ਖੋਜਕਰਤਾਵਾਂ ਦੁਆਰਾ ਕਰਵਾਏ ਗਏ ਖੂਨ ਦੀਆਂ ਜਾਂਚਾਂ ਵਿੱਚ ਪਾਇਆ ਗਿਆ ਹੈ ਕਿ ਐਂਟੀਬਾਡੀਜ਼ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬਣੀਆਂ, ਪਰ ਸੂਰਾਂ ਦੇ ਫਾਰਮ ਵਿੱਚ ਕੰਮ ਕਰਨ ਵਾਲੇ 10.4 ਪ੍ਰਤੀਸ਼ਤ ਲੋਕ ਪਹਿਲਾਂ ਹੀ ਸੰਕਰਮਿਤ ਹੋ ਚੁੱਕੇ ਸੀ। ਇਹ ਵੀ ਪਾਇਆ ਗਿਆ ਕਿ ਆਮ ਆਬਾਦੀ ਦਾ 4.4 ਪ੍ਰਤੀਸ਼ਤ ਇਸ ਤੋਂ ਪ੍ਰਭਾਵਤ ਹੋਇਆ ਹੈ।
ਇਸ ਦਾ ਅਰਥ ਇਹ ਹੈ ਕਿ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਲੰਘ ਗਿਆ ਹੈ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਇਹ ਮਨੁੱਖਾਂ ਤੋਂ ਮਨੁੱਖਾਂ ਵਿੱਚ ਜਾ ਸਕਦਾ ਹੈ। ਵਿਗਿਆਨੀਆਂ ਨੇ ਸੂਰਾਂ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਸਖਤੀ ਨਾਲ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਹੈ।