ਵੇਲਿੰਗਟਨ: ਨਿਊਜ਼ੀਲੈਂਡ ਆਪਣੇ ਆਪ ਨੂੰ ਕੋਰੋਨਾ ਮੁਕਤ ਘੋਸ਼ਿਤ ਕਰਨ ਵਾਲਾ ਦੱਖਣੀ ਪ੍ਰਸ਼ਾਂਤ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਥੇ ਕੋਰੋਨਾਵਾਇਰਸ ਨਾਲ ਹੁਣ ਕੋਈ ਸੰਕਰਮਿਤ ਨਹੀਂ ਹੋਇਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਆਪਣੀ ਧੀ ਨਾਲ ਖੁਸ਼ੀ ‘ਚ ਡਾਂਸ ਕੀਤਾ। ਇਸ ਤੋਂ ਬਾਅਦ ਸੋਮਵਾਰ ਨੂੰ ਦੇਸ਼ ਨੂੰ ਦਿੱਤੇ ਸੰਦੇਸ਼ ‘ਚ ਉਨ੍ਹਾਂ ਕਿਹਾ, ‘ਸਾਡਾ ਮੰਨਣਾ ਹੈ ਕਿ ਦੇਸ਼ ‘ਚ ਇਸ ਸਮੇਂ ਲਾਗ ਖ਼ਤਮ ਹੋ ਗਿਆ ਹੈ, ਕਿਉਂਕਿ ਆਖਰੀ ਮਰੀਜ਼ ਵੀ ਕੋਰੋਨਾਵਾਇਰਸ ਦੀ ਲਾਗ ਤੋਂ ਠੀਕ ਹੋ ਗਿਆ ਹੈ।’
ਨਿਊਜ਼ੀਲੈਂਡ ਵਿੱਚ ਲਾਗ ਦਾ ਆਖਰੀ ਕੇਸ 17 ਦਿਨ ਪਹਿਲਾਂ ਆਇਆ ਸੀ। ਆਰਡਰਨ ਨੇ ਇਕ ਨਿਊਜ਼ ਕਾਨਫਰੰਸ ‘ਚ ਦੱਸਿਆ ਕਿ ਨਿਊਜ਼ੀਲੈਂਡ ਨੇ ਪਿਛਲੇ 17 ਦਿਨਾਂ ‘ਚ 40,000 ਲੋਕਾਂ ਦੀ ਜਾਂਚ ਕੀਤੀ ਹੈ ਅਤੇ ਪਿਛਲੇ 12 ਦਿਨਾਂ ਤੋਂ ਕੋਈ ਵੀ ਹਸਪਤਾਲ ‘ਚ ਨਹੀਂ ਹੈ। ਮੰਤਰੀ ਮੰਡਲ ਨੇ ਅੱਧੀ ਰਾਤ ਤੋਂ ਦੇਸ਼ ਖੋਲ੍ਹਣ ਦੇ ਦੂਜੇ ਪੜਾਅ ‘ਤੇ ਸਹਿਮਤੀ ਜਤਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਸ਼ਚਤ ਰੂਪ ਵਿੱਚ ਕੇਸ ਵਾਪਸ ਆਉਣਗੇ, ਪਰ ਇਹ ਅਸਫਲ ਹੋਣ ਦੀ ਨਿਸ਼ਾਨੀ ਨਹੀਂ ਹੋਵੇਗੀ। ਇਹ ਇਸ ਵਾਇਰਸ ਦੀ ਅਸਲੀਅਤ ਹੈ। ਪਰ ਸਾਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਪਏਗਾ।
ਸਖਤੀ ਨਾਲ ਲੌਕਡਾਊਨ ਦੇ ਨਿਯਮਾਂ ਨੂੰ ਲਾਗੂ ਕੀਤਾ:
ਮਾਹਰ ਕਹਿੰਦੇ ਹਨ ਕਿ 50 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ‘ਚੋਂ ਲਾਗ ਖ਼ਤਮ ਹੋਣ ਪਿੱਛੇ ਬਹੁਤ ਸਾਰੇ ਕਾਰਨ ਹਨ। ਦੱਖਣੀ ਪ੍ਰਸ਼ਾਂਤ ਵਿੱਚ ਸਥਿਤ ਹੋਣ ਕਰਕੇ, ਇਸ ਦੇਸ਼ ਨੂੰ ਇਹ ਵੇਖਣ ਦਾ ਮੌਕਾ ਮਿਲਿਆ ਕਿ ਇਹ ਸੰਕਰਮਣ ਕਿਵੇਂ ਦੂਜੇ ਦੇਸ਼ਾਂ ਵਿੱਚ ਫੈਲ ਗਿਆ ਅਤੇ ਆਰਡਰਨ ਨੇ ਤੇਜ਼ੀ ਨਾਲ ਕਦਮ ਚੁਕਦਿਆਂ ਸ਼ੁਰੂਆਤ ਵਿੱਚ ਸਖ਼ਤ ਤਾਲਾਬੰਦ ਨਿਯਮਾਂ ਨੂੰ ਲਾਗੂ ਕੀਤਾ ਅਤੇ ਦੇਸ਼ ਦੀਆਂ ਸਰਹੱਦਾਂ ਨੂੰ ਵੀ ਬੰਦ ਕਰ ਦਿੱਤਾ।