ਵਾਸ਼ਿੰਗਟਨ (ਪੀਟੀਆਈ) : ਕੋਰੋਨਾ ਵਾਇਰਸ (COVID-19) ਦੇ ਕਹਿਰ ਨਾਲ ਇਸ ਸਮੇਂ ਪੂਰੀ ਦੁਨੀਆ ਜੂਝ ਰਹੀ ਹੈ। ਹੁਣ ਤਕ ਇਸ ਖ਼ਤਰਨਾਕ ਵਾਇਰਸ ਨਾਲ ਮੁਕਾਬਲੇ ਲਈ ਕੋਈ ਪ੍ਰਭਾਵੀ ਇਲਾਜ ਅਤੇ ਵੈਕਸੀਨ ਤਕ ਮੁਹੱਈਆ ਨਹੀਂ ਹੋ ਸਕੀ ਹੈ। ਅਜਿਹੇ ਹਾਲਾਤ ਵਿਚ ਵੱਧਦੇ ਹਵਾ ਪ੍ਰਦੂਸ਼ਣ ਨੇ ਚਿੰਤਾ ਵਧਾ ਦਿੱਤੀ ਹੈ। ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਲੰਬੇ ਸਮੇਂ ਤਕ ਹਵਾ ਪ੍ਰਦੂਸ਼ਣ ਵਿਚ ਰਹਿਣ ਵਾਲੇ ਲੋਕਾਂ ਲਈ ਕੋਰੋਨਾ ਘਾਤਕ ਹੋ ਸਕਦਾ ਹੈ। ਇਨ੍ਹਾਂ ਵਿਚ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ। ਸਾਇੰਸ ਐਡਵਾਂਸ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਇਹ ਸਿੱਟਾ ਅਮਰੀਕਾ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਕਾਊਂਟੀ ਵਿਚ ਕੀਤੇ ਗਏ ਵਿਸ਼ਲੇਸ਼ਣ ਦੇ ਆਧਾਰ ‘ਤੇ ਕੱਢਿਆ ਗਿਆ ਹੈ।
ਇਸ ਵਿਚ ਹਵਾ ਵਿਚ ਮੌਜੂਦ ਸੂਖਮ ਕਣ ਪਾਰਟੀਕਲ ਮੈਟਰ (ਪੀਐੱਮ 2.5) ਦਾ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ‘ਤੇ ਪੈਣ ਵਾਲੇ ਪ੍ਰਭਾਵ ਨੂੰ ਪਰਖਿਆ ਗਿਆ। ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੇ ਪ੍ਰਦੂਸ਼ਕ ਕਣਾਂ ਵਾਲੇ ਮਾਹੌਲ ਵਿਚ ਲੰਬੇ ਸਮੇਂ ਤਕ ਰਹਿਣ ਦਾ ਸਬੰਧ ਕੋਰੋਨਾ ਨਾਲ ਮੌਤ ਦੀ ਉੱਚ ਦਰ ਨਾਲ ਹੁੰਦਾ ਹੈ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਖੋਜੀਆਂ ਦਾ ਮੰਨਣਾ ਹੈ ਕਿ ਫੇਫੜਿਆਂ ਵਿਚ ਏਸੀਈ-2 ਰਿਸੈਪਟਰ ਦੀ ਅਤਿ-ਅਧਿਕ ਉਤਪਤੀ ਵਿਚ ਪੀਐੱਮ 2.5 ਦੀ ਭੂਮਿਕਾ ਹੋ ਸਕਦੀ ਹੈ। ਕੋਰੋਨਾ ਵਾਇਰਸ ਇਸੇ ਰਿਸੈਪਟਰ ਰਾਹੀਂ ਸੈੱਲਾਂ ਵਿਚ ਦਾਖ਼ਲ ਹੁੰਦਾ ਹੈ। ਖੋਜੀਆਂ ਦਾ ਇਹ ਵੀ ਕਹਿਣਾ ਹੈ ਕਿ ਲੰਬੇ ਸਮੇਂ ਤਕ ਹਵਾ ਪ੍ਰਦੂਸ਼ਣ ਵਿਚ ਰਹਿਣ ਨਾਲ ਇਮਿਊਨ ਸਿਸਟਮ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਪਹਿਲੇ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਕੋਰੋਨਾ ਹੋਰ ਘਾਤਕ ਬਣ ਸਕਦਾ ਹੈ। ਖਾਸ ਤੌਰ ‘ਤੇ ਪੀਐੱਮ 2.5 ਅਤੇ ਨਾਈਟ੍ਰੋਜਨ ਡਾਈਆਕਸਾਈਡ ਕਾਰਨ ਇਹ ਵਾਇਰਸ ਜ਼ਿਆਦਾ ਖ਼ਤਰਨਾਕ ਬਣ ਸਕਦਾ ਹੈ।