ਨੋਬਲ ਫਾਊਂਡੇਸ਼ਨ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨੋਬਲ ਪੁਰਸਕਾਰ ਪ੍ਰੋਗਰਾਮ ਫਿਲਹਾਲ ਟਾਲ ਦਿੱਤਾ ਹੈ। 64 ਸਾਲ ‘ਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਖਰੀ ਵਾਰ 1956 ‘ਚ ਨੋਬਲ ਪੁਰਸਕਾਰ ਸਨਮਾਨ ਸਮਾਰੋਹ ਮੁਅੱਤਲ ਕੀਤਾ ਸੀ।
ਨੋਬਲ ਫਾਊਂਡੈਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਾਰਸ ਹੇਕੇਨਸਟੇਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰਿਆਂ ਨੂੰ ਦੇਖਦਿਆਂ 1300 ਲੋਕਾਂ ਨੂੰ ਇਕੱਠਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਇਸ ਵਾਰ ਮਹਾਮਾਰੀ ਕਾਰਨ ਨੋਬਲ ਜੇਤੂਆਂ ਲਈ ਸਵੀਡਨ ਸਫ਼ਰ ਕਰਨਾ ਮੁਸ਼ਕਿਲ ਹੈ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਸਨਮਾਨ ਸਮਾਰੋਹ ਕਿਸ ਤਰ੍ਹਾਂ ਕਰਵਾਇਆ ਜਾਵੇਗਾ।
ਸਟੌਕਹੋਮ ਦੇ ਸਿਟੀ ਹਾਲ ‘ਚ ਸਮਾਰੋਹ ਦੌਰਾਨ ਜੇਤੂਆਂ, ਸੀਵਡਿਸ਼ ਸ਼ਾਹੀ ਪਰਿਵਾਰ ਅਤੇ ਕਰੀਬ 1300 ਮਹਿਮਾਨਾਂ ਲਈ ਰਾਤ ਦੇ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ। ਓਸਲੋ ‘ਚ ਸਨਮਾਨਤ ਕੀਤੇ ਜਾਣ ਵਾਲੇ ਸ਼ਾਂਤੀ ਪੁਰਸਕਾਰ ਵਿਜੇਤਾਵਾਂ ਨੂੰ ਵੀ ਰਾਤ ਦੇ ਖਾਣੇ ‘ਤੇ ਬੁਲਾਇਆ ਜਾਂਦਾ ਹੈ।ਮੈਡੀਸਿਨ, ਫਿਜ਼ਿਕਸ, ਕੈਮਿਸਟਰੀ, ਸਾਹਿਤ, ਸ਼ਾਂਤੀ ਅਤੇ ਅਰਥਸ਼ਾਸਤਰ ਦੇ ਖੇਤਰ ‘ਚ ਪੰਜ ਅਕਤਬੂਰ ਤੋਂ 12 ਅਕਤੂਬਰ ਦੌਰਾਨ ਨੋਬਲ ਐਵਾਰਡ ਦਾ ਐਲਾਨ ਕੀਤਾ ਜਾਂਦਾ ਹੈ। ਜਦਕਿ ਵਿਜੇਤਾਵਾਂ ਨੂੰ ਦਸੰਬਰ ‘ਚ ਸਟੌਕਹੋਮ ‘ਚ ਸਨਮਾਨ ਨਾਲ ਨਵਾਜਿਆ ਜਾਂਦਾ ਹੈ। ਪਰ ਕੋਰੋਨਾ ਵਾਇਰਸ ਕਾਰਨ ਇਹ ਦੋਵੇਂ ਪ੍ਰੋਗਰਾਮ ਹੁਣ ਮੁਅੱਤਲ ਕਰ ਦਿੱਤੇ ਗਏ ਹਨ। ਇਸ ਬਾਰੇ ਨਵੀਂ ਤਾਰੀਖ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।