Railway Ministry Cancels 155 trains: ਨਵੀਂ ਦਿੱਲੀ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ । ਕੋਰੋਨਾ ਵਾਇਰਸ ਕਾਰਨ ਰੇਲਵੇ ਵੱਲੋਂ ਵੀਰਵਾਰ ਨੂੰ 84 ਹੋਰ ਟ੍ਰੇਨਾਂ ਨੂੰ ਰੱਦ ਕਰ ਦਿੱਤਾਗਿਆ ਹੈ । ਇਹ ਟ੍ਰੇਨਾਂ 20 ਤੋਂ 31 ਮਾਰਚ ਦੇ ਵਿਚਕਾਰ ਨਹੀਂ ਚੱਲਣਗੀਆਂ । ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਰੱਦ ਹੋਈਆਂ ਟ੍ਰੇਨਾਂ ਦੀ ਕੁਲ ਗਿਣਤੀ 155 ਤੱਕ ਪਹੁੰਚ ਗਈ ਹੈ । ਜ਼ਿਕਰਯੋਗ ਹੈ ਕਿ ਰੇਲਵੇ ਵੱਲੋਂ ਬੁੱਧਵਾਰ ਰਾਤ ਨੂੰ ਲਗਭਗ 99 ਟ੍ਰੇਨਾਂ ਨੂੰ ਰੱਦ ਕੀਤਾ ਗਿਆ ਸੀ ।
ਇਸ ਤੋਂ ਇਲਾਵਾ ਕੇਂਦਰੀ ਰੇਲਵੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਰੱਦ ਕੀਤੀਆਂ ਗਈਆਂ ਟ੍ਰੇਨਾਂ ਵਿਚੋਂ ਡੇਕਨ ਐਕਸਪ੍ਰੈਸ, ਨੰਦੀਗ੍ਰਾਮ ਐਕਸਪ੍ਰੈਸ ਅਤੇ ਪ੍ਰਾਂਤੀ ਐਕਸਪ੍ਰੈਸ ਸਮੇਤ ਕਈ ਟ੍ਰੇਨਾਂ 1 ਅਪ੍ਰੈਲ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ । ਇਸ ਤੋਂ ਇਲਾਵਾ ਪੱਛਮੀ ਰੇਲਵੇ ਵੱਲੋਂ ਦੁਰਾਂਟੋ, ਹਮਸਫ਼ਰ ਸਣੇ 10 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਰੇਲ ਯਾਤਰੀਆਂ ‘ਤੇ ਵੀ ਦਿਖਾਈ ਦੇ ਰਹੀ ਹੈ । ਪਿਛਲੇ 4 ਦਿਨਾਂ ਵਿੱਚ 14 ਲੱਖ ਤੋਂ ਵੱਧ ਯਾਤਰੀਆਂ ਨੇ ਆਪਣੀ ਰੇਲ ਟਿਕਟ ਹਰਿਆਣਾ, ਚੰਡੀਗੜ੍ਹ, ਪੰਜਾਬ, ਜੰਮੂ ਅਤੇ ਕਸ਼ਮੀਰ ਵਿੱਚ ਰੱਦ ਕਰ ਦਿੱਤੀ ਹੈ । ਇਸ ਨਾਲ ਰੇਲਵੇ ਦਾ ਮਾਲੀਆ 10 ਕਰੋੜ ਤੋਂ ਵੀ ਘੱਟ ਹੋ ਗਿਆ ਹੈ । ਇਸ ਤੋਂ ਇਲਾਵਾ ਕਾਲਕਾ ਅਤੇ ਸ਼ਿਮਲਾ ਵਿੱਚ ਵਿਦੇਸ਼ੀ ਯਾਤਰੀਆਂ ਵਿੱਚ ਕਮੀ ਆਈ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭੀੜ-ਭੜੱਕੇ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਰੇਲਵੇ ਦੇ ਕੁਝ ਜ਼ੋਨਾਂ ਨੇ ਪਲੇਟਫਾਰਮ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਹੈ । ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭੀੜ ਨੂੰ ਕੰਟਰੋਲ ਕਰਨ ਲਈ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ।
ਕਰੋਨਾ ਵਾਇਰਸ ਨੂੰ WHO ਵੱਲੋਂ ਮਹਾਂਮਾਰੀ ਘੋਸ਼ਿਤ ਕਰਨ ਤੋਂ ਬਾਅਦ , ਮਾਲ , ਸਕੂਲ ਅਤੇ ਜਿਮ ਵੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਮੇਡੀਕਲ ਏਡਵਾਇਜਰੀ ਵੀ ਜਾਰੀ ਕਰ ਦਿੱਤੀ ਗਈ ਸੀ ਤਾਂ ਜੋ ਲੋਕ ਆਪਣੇ ਆਪ ਨੂੰ ਇਸਤੋਂ ਸੁਰਖਿਅਤ ਰੱਖ ਸਕਣ। ਅਜਿਹੇ ‘ਚ ਹੁਣ CBSE ਵੱਲੋਂ ਵੀ ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਹਾਈ ਸਕੂਲ ਅਤੇ ਇੰਟਰਮੀਡੀਏਟ ਦੀਆਂ ਬੋਰਡ ਪ੍ਰੀਖਿਆਵਾਂ ਨੂੰ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ ।