China coronavirus death toll: ਚੀਨ: ਮਹੀਨਾ ਬੀਤ ਜਾਣ ਤੋਂ ਬਾਅਦ ਵੀ ਚੀਨ ਵਿੱਚ ਖਤਰਨਾਕ ਕੋਰੋਨਾ ਵਾਇਰਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ । ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 910 ਹੋ ਗਈ ਹੈ ਅਤੇ ਇਸ ਦੇ ਇਨਫੈਕਸ਼ਨ ਦੇ 40 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ । ਚੀਨ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸਮੁੱਚੀ ਦੁਨੀਆ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ ।
ਇਸ ਸਬੰਧੀ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਐਤਵਾਰ ਨੂੰ ਇਸ ਨਾਲ ਹੋਰ ਮੌਤਾਂ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਵਾਇਰਸ ਨਾਲ ਜੁੜੇ 3062 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਤੋਂ ਇਲਾਵਾ 40,171 ਲੋਕਾਂ ਦੇ ਵਾਇਰਸ ਦੀ ਲਪੇਟ ਵਿੱਚ ਆਉਣ ਦੀ ਪੁਸ਼ਟੀ ਹੋਈ ਹੈ ।
ਜ਼ਿਕਰਯੋਗ ਹੈ ਕਿ ਚੀਨ ਵਿੱਚ ਐਤਵਾਰ ਨੂੰ 97 ਵਿਅਕਤੀਆਂ ਦੀਆਂ ਜਾਨਾਂ ਗਈਆਂ, ਜਿਨ੍ਹਾਂ ਵਿੱਚ ਵਧੇਰੇ ਹੁਬੇਈ ਸੂਬੇ ਦੇ ਸਨ । ਇਸ ਦੇ ਇਲਾਵਾ 2 ਵਿਅਕਤੀ ਹੂਨਾਨ ਵਿੱਚ ਮਾਰੇ ਗਏ ਹਨ । ਕੋਰੋਨਾ ਵਾਇਰਸ ਦੇ ਚਲਦਿਆਂ ਸਿੰਗਾਪੁਰ ਵਿੱਚ ਹੋਣ ਜਾ ਰਹੇ ਏਸ਼ੀਆ ਦੇ ਸਭ ਤੋਂ ਵੱਡੇ ਹਵਾਬਾਜ਼ੀ ਤੇ ਰੱਖਿਆ ਸਮਾਰੋਹ ‘ਏਅਰ ਸ਼ੋਅ’ ਵਿਚੋਂ ਅਮਰੀਕੀ ਏਅਰੋਸਪੇਸ ਕੰਪਨੀ ਲੌਕਹੀਡ ਮਾਰਟਿਨ ਤੇ 12 ਚੀਨੀ ਕੰਪਨੀਆਂ ਸਮੇਤ 70 ਤੋਂ ਵੱਧ ਕੰਪਨੀਆਂ ਨੇ ਆਪਣੇ ਨਾਂਅ ਵਾਪਸ ਲੈ ਲਏ ਹਨ ।
ਉਥੇ ਹੀ ਏਅਰ ਇੰਡੀਆ ਤੇ ਇੰਡੀਗੋ ਸਮੇਤ ਕਈ ਕੌਮਾਂਤਰੀ ਏਅਰਲਾਈਨਜ਼ ਨੇ ਵਾਇਰਸ ਦੁਨੀਆ ਭਰ ਵਿੱਚ ਫੈਲਣ ਦੇ ਡਰ ਤੋਂ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆ ਹਨ । ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਯਾਤਰਾ ਉੱਤੇ ਪਾਬੰਦੀਆਂ ਦਾ ਵੀ ਐਲਾਨ ਕੀਤਾ ਹੈ । ਦੱਸ ਦੇਈਏ ਕਿ ਕੋਰੋਨਾ ਅਸਲ ਵਿੱਚ ਵਾਇਰਸਾਂ ਦਾ ਇੱਕ ਵੱਡਾ ਸਮੂਹ ਹੈ, ਜੋ ਜਾਨਵਰਾਂ ਵਿੱਚ ਆਮ ਪਾਇਆ ਜਾਂਦਾ ਹੈ । ਅਮਰੀਕਾ ਦੇ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDS) ਅਨੁਸਾਰ ਕੋਰੋਨਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਤੱਕ ਪਹੁੰਚਦਾ ਹੈ ।