ਨਵੀਂ ਦਿੱਲੀ: ਕੋਰੋਨਾ ਵਾਇਰਸ ਬਾਰੇ ਦੁਨੀਆਂ ਭਰ ‘ਚ ਵੱਖ-ਵੱਖ ਅਧਿਐਨ ਹੋ ਰਹੇ ਹਨ। ਇਸ ਦਰਮਿਆਨ ਚੀਨੀ ਵਿਗਿਆਨੀਆਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2012 ‘ਚ ਮੋਜਿਆਂਗ ਸੂਬੇ ‘ਚ ਕੋਰੋਨਾ ਵਾਇਰਸ ਨਾਲ ਮਿਲਦਾ-ਜੁਲਦਾ ਵਾਇਰਸ ਪਾਇਆ ਗਿਆ ਸੀ।
‘ਦ ਸੰਡੇ ਟਾਇਮਜ਼’ ਮੁਤਾਬਕ ਵਾਇਰਸ ਦਾ ਪਤਾ ਚਮਗਿੱਦੜਾਂ ਨਾਲ ਭਰੀ ਖਾਲੀ ਪਈ ਤਾਂਬੇ ਦੀ ਖਾਨ ‘ਚ ਲੱਗਿਆ ਸੀ। ਸਾਲ 2012 ‘ਚ ਚਮਗਿੱਦੜਾਂ ਨਾਲ ਭਰੀ ਖਾਨ ਦਾ ਦੌਰਾ ਕਰਨ ਵਾਲੇ ਛੇ ਲੋਕ ਇਨਫੈਕਟਡ ਪਾਏ ਗਏ ਸਨ। ਬਾਅਦ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਖਾਨ ਦਾ ਦੌਰਾ ਕਰਨ ਵਾਲੇ ਛੇ ਲੋਕਾਂ ਨੂੰ ਬੁਖਾਰ, ਲਗਾਤਾਰ ਖੰਘ, ਪੂਰੇ ਸਰੀਰ ‘ਚ ਦਰਦ ਤੇ ਸਾਹ ਲੈਣ ‘ਚ ਔਖਿਆਈ ਦਾ ਸਾਹਮਣਾ ਕਰਨਾ ਪਿਆ ਸੀ। ਇਹੀ ਲੱਛਣ ਵਰਤਮਾਨ ‘ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਵਾਲੇ ਲੋਕਾਂ ‘ਚ ਪਾਏ ਜਾ ਰਹੇ ਹਨ।
ਉਸ ਸਮੇਂ ਵਾਇਰਸ ਨੂੰ RaBtCoV/4991 ਦਾ ਨਾਂਅ ਦਿੱਤਾ ਗਿਆ ਸੀ। ਹੁਣ ਇਕ ਨਵੀਂ ਖੋਜ ਮੁਤਾਬਕ RaBtCoV/4991 ਵਾਇਰਸ ਨੂੰ SARS-Cov-2 ਵਾਇਰਸ ਨਾਲ ਕਾਫੀ ਮਿਲਦਾ ਜੁਲਦਾ ਦੱਸਿਆ ਗਿਆ ਹੈ।
ਵਿਗਿਆਨੀ ਖਾਨ ਦੀ ਸਤ੍ਹਾ ‘ਤੇ ਮਿਲੇ ਚਮਗਿੱਦੜਾਂ ਦੇ ਮਲ ਦੇ ਨਮੂਨੇ ਨੂੰ ਵੁਹਾਨ ਦੀ ਲੈਬ ‘ਚ ਜਾਂਚ ਕਰ ਰਹੇ ਸਨ। ਨਵੀਂ ਖੋਜ ‘ਚ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਸ਼ੁਰੂਆਤੀ ਸ਼ਕਲ ‘ਚ ਇਨਸਾਨਾਂ ‘ਚ ਫੈਲਿਆ ਸੀ। ਇਹ ਕੋਵਿਡ-19 ਦਾ ਕਾਰਨ ਬਣਨ ਵਾਲੇ ਵਾਇਰਸ ਨਾਲ 96.02 ਫੀਸਦ ਮਿਲਦਾ ਹੈ।