T20 World Cup cancellation: ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਲਏ ਹਨ । ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਉੱਥੇ ਹੀ ਹੁਣ ਆਸਟ੍ਰੇਲੀਆ ਨੇ ਵੀ ਇਸ ਖਤਰਨਾਕ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਆਪਣੇ ਬਾਰਡਰ 6 ਮਹੀਨੇ ਦੇ ਲਈ ਸੀਲ ਕਰ ਦਿੱਤੇ ਹਨ । ਜਿਸ ਤੋਂ ਬਾਅਦ ਹੁਣ ਟੀ-20 ਵਿਸ਼ਵ ਕੱਪ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਗਏ ਹਨ । ਮੰਨਿਆ ਜਾ ਰਿਹਾ ਹੈ ਕਿ ਟੀ-20 ਵਿਸ਼ਵ ਕੱਪ 2020 ਰੱਦ ਹੋ ਸਕਦਾ ਹੈ ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ 29 ਮਾਰਚ ਤੋਂ ਸ਼ੁਰੂ ਹੋਣ ਵਾਲੇ IPL ਨੂੰ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਪਰ ਦੇਸ਼ ਵਿੱਚ ਇਸਦੇ ਵੱਧ ਰਹੇ ਪ੍ਰਭਾਵ ਕਾਰਨ 15 ਅਪ੍ਰੈਲ ਤੋਂ ਬਾਅਦ ਵੀ ਇਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੁਣ ਘਟਦੀ ਜਾ ਰਹੀ ਹੈ । ਉੱਥੇ ਹੀ ਪਾਕਿਸਤਾਨ ਦੀ ਘਰੇਲੂ ਲੀਗ PSL ਵੀ ਇਸ ਵਾਇਰਸ ਕਾਰਨ ਰੁਕੀ ਹੋਈ ਹੈ ।
ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਇਸ ਸਾਲ ਹੋਣ ਵਾਲੇ ਕ੍ਰਿਕਟ ਟੀ-20 ਵਰਲਡ ਕੱਪ ਨੂੰ ਵੀ ਅਗਲੇ ਸਾਲ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ । ਦੱਸਿਆ ਜਾ ਰਿਹਾ ਹੈ ਕਿ ਜੇਕਰ ਟੀ-20 ਵਿਸ਼ਵ ਕੱਪ ਰੱਦ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਫਿਰ ਇਹ ਟੂਰਨਾਮੈਂਟ ਸਾਲ 2022 ਤੋਂ ਪਹਿਲਾਂ ਕਰਵਾਇਆ ਜਾ ਸਕਦਾ ਹੈ ।