ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋਏ ਨੁਕਸਾਨ ਲਈ ਚੀਨ ਤੋਂ ਹਰਜ਼ਾਨਾ ਮੰਗਣ। ਉੱਤਰੀ ਕੈਰੋਲੀਨਾ ’ਚ ਰਿਪਬਲਿਕਨ ਪਾਰਟੀ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ ਚੀਨ ਤੋਂ ਹਰਜ਼ਾਨਾ ਮੰਗਣ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਜਵਾਬਦੇਹ ਠਰਿਹਾਉਣ।
ਸਾਨੂੰ ਸਾਰਿਆਂ ਨੂੰ ਇਕ ਆਵਾਜ਼ ’ਚ ਮੰਗ ਕਰਨੀ ਚਾਹੀਦੀ ਹੈ ਕਿ ਚੀਨ ਨੂੰ ਹਰਜ਼ਾਨਾ ਦੇਣਾ ਹੀ ਪਵੇਗਾ। ਹਰ ਹਾਲ ’ਚ ਦੇਣਾ ਪਵੇਗਾ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਅਮਰੀਕਾ ਨੂੰ ਚੀਨੀ ਉਤਪਾਦਾਂ ’ਤੇ 100 ਫ਼ੀਸਦੀ ਟੈਕਸ ਲਗਾ ਦੇਣਾ ਚਾਹੀਦਾ ਹੈ। ਇਸ ਨਾਲ ਉਸ ਦਾ ਫ਼ੌਜੀ ਵਿਕਾਸ ਰੁਕ ਸਕਦਾ ਹੈ ਅਤੇ ਵੱਡੀ ਗਿਣਤੀ ’ਚ ਕੰਪਨੀਆਂ ਅਮਰੀਕਾ ਆ ਸਕਦੀਆਂ ਹਨ।
ਰਾਸ਼ਟਰਪਤੀ ਜੋਅ ਬਾਇਡਨ ਬਾਰੇ ਵਿਅੰਗ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਚੀਨ ਦੇ ਅੱਗੇ ਝੁਕ ਗਿਆ ਹੈ। ਉਨ੍ਹਾਂ ਇਸ ਨੂੰ ਇਤਿਹਾਸ ਦਾ ਸਭ ਤੋਂ ਕੱਟੜ ਖੱਬੇ-ਪੱਖੀ ਪ੍ਰਸ਼ਾਸਨ ਕਰਾਰ ਦਿੱਤਾ। ਟਰੰਪ ਨੇ ਕਿਹਾ ਕਿ ਹਮੇਸ਼ਾ ਅਮਰੀਕਾ ਨੂੰ ਸਭ ਤੋਂ ਪਹਿਲਾਂ ਰੱਖੋ। ਅਸੀਂ ਅਮਰੀਕਾ ਨੂੰ ਦੂਜੇ ਸਥਾਨ ’ਤੇ ਨਹੀਂ ਦੇਖ ਸਕਦੇ। ਸਾਡਾ ਦੇਸ਼ ਸਾਡੀਆਂ ਅੱਖਾਂ ਦੇ ਸਾਹਮਣੇ ਤਬਾਹ ਕੀਤਾ ਜਾ ਰਿਹਾ ਹੈ। ਅਪਰਾਧ ਵੱਧ ਰਿਹਾ ਹੈ, ਪੁਲਿਸ ਵਿਭਾਗ ਨੂੰ ਤੋੜਿਆ ਤੇ ਬਦਨਾਮ ਜਾ ਰਿਹਾ ਹੈ ਤੇ ਕੀ ਇਹ ਚੰਗੀ ਰਾਜਨੀਤੀ ਹੈ?
ਟਰੰਪ ਨੇ ਕਿਹਾ ਕਿ ਨਾਜਾਇਜ਼ ਲੋਕ ਏਨੀ ਵੱਡੀ ਗਿਣਤੀ ’ਚ ਆ ਰਹੇ ਹਨ, ਜਿਵੇਂ ਕਿ ਪਹਿਲਾਂ ਕਦੇ ਨਹੀਂ ਹੋਇਆ ਤੇ ਇਹ ਸਭ ਕੁਝ ਮਹੀਨਿਆਂ ’ਚ ਹੋ ਰਿਹਾ ਹੈ। ਗੈਸ ਦੀਆਂ ਕੀਮਤਾਂ ਵੱਧ ਰਹੀਆਂ ਹਨ। ਸਾਡੀਆਂ ਸਨਅਤਾਂ ਵਿਦੇਸ਼ੀ ਸਾਈਬਰ ਹਮਲਿਆਂ ਤੋਂ ਪਰੇਸ਼ਾਨ ਹਨ। ਇਹ ਸਾਡੇ ਦੇਸ਼ ਅਤੇ ਸਾਡੇ ਨੇਤਾਵਾਂ ਪ੍ਰਤੀ ਸਨਮਾਨ ’ਚ ਕਮੀ ਦੀ ਉਦਾਹਰਣ ਹੈ ਅਤੇ ਅਸੀਂ ਆਪਣਏ ਨੇਤਾਵਾਂ ਦੀ ਗੱਲ ਕਰੀਏ ਤਾਂ ਉਹ ਚੀਨ ਦੇ ਅੱਗੇ ਝੁਕ ਗਏ ਹਨ। ਕੌਮਾਂਤਰੀ ਪੱਧਰ ’ਤੇ ਅਮਰੀਕਾ ਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ ਅਤੇ ਬੇਇੱਜ਼ਤ ਕੀਤਾ ਜਾ ਰਿਹਾ ਹੈ।