PM Narendra Modi Tops: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਸੰਕਟ ਦੌਰਾਨ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਲਡ ਲੀਡਰਾਂ ਨੂੰ ਪਿੱਛੇ ਛੱਡਦੇ ਹੋਏ ਪਹਿਲੇ ਸਥਾਨ ‘ਤੇ ਪਹੁੰਚ ਗਏ ਹਨ । ਹਾਲ ਹੀ ਵਿੱਚ ਇਸਨੂੰ ਲੈ ਕੇ ਇੱਕ ਸਰਵੇ ਕੀਤਾ ਗਿਆ ਸੀ, ਜਿਸ ਵਿੱਚ ਪੀਐੱਮ ਮੋਦੀ ਦੀ ਲੋਕਪ੍ਰਿਅਤਾ 68 ਫੀਸਦੀ ਵੱਧ ਦਿਖਾਈ ਗਈ, ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ 3 ਫੀਸਦੀ ਡਿੱਗ ਗਈ ਹੈ । ਅਮਰੀਕਾ ਦੀ ਗਲੋਬਲ ਡਾਟਾ ਇੰਟੈਲੀਜੈਂਸ ਕੰਪਨੀ ਮਾਰਨਿੰਗ ਕਨਸਲਟ ਪੌਲੀਟੀਕਲ ਇੰਟੈਂਲੀਜੈਂਸ ਅਨੁਸਾਰ 14 ਅਪ੍ਰੈਲ ਨੂੰ ਪੀ.ਐੱਮ. ਮੋਦੀ ਦੀ ਰੇਟਿੰਗ 68 ਫੀਸਦੀ ਦਿਖਾਈ ਗਈ ਹੈ ਜੋ ਕਿ ਸਾਲ ਦੀ ਸ਼ੁਰੂਆਤ ਵਿੱਚ 62 ਫੀਸਦੀ ਸੀ ।
ਪੀ.ਐੱਮ. ਮੋਦੀ ਦੀ ਰੇਟਿੰਗ ਵਿੱਚ ਸੁਧਾਰ ਦਾ ਕਾਰਨ ਕੋਰੋਨਾ ਵਾਇਰਸ ਨਾਲ ਨਜਿੱਠਣ ਨੂੰ ਲੈ ਕੇ ਉਨ੍ਹਾਂ ਦੀ ਤਿਆਰੀ ਹੈ । ਪੀਐੱਮ ਮੋਦੀ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ 25 ਮਾਰਚ ਨੂੰ ਦੇਸ਼ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਸੀ, ਜਿਸ ਨੂੰ 14 ਅਪ੍ਰੈਲ ਨੂੰ 19 ਦਿਨਾਂ ਲਈ ਵਧਾ ਦਿੱਤਾ ਗਿਆ । ਉੱਥੇ ਉਨ੍ਹਾਂ ਨੇ ਗਲੋਬਲ ਨੇਤਾਵਾਂ ਨੂੰ ਮਹਾਂਮਾਰੀ ਨਾਲ ਨਜਿੱਠਣ ਵਿੱਚ ਇਕਜੁੱਟ ਕਰਨ ਦੀ ਵੀ ਕੋਸ਼ਿਸ਼ ਕੀਤੀ । ਇਸ ਸਭ ਕਾਰਨ ਪੀਐੱਮ ਮੋਦੀ ਦੀ ਲੋਕਪ੍ਰਿਅਤਾ ਵਿੱਚ ਵਾਧਾ ਹੋ ਗਿਆ । ਇਸ ਦੇ ਇਲਾਵਾ ਮੋਦੀ ਨੇ ਜ਼ਰੂਰੀ ਦਵਾਈਆਂ ਦੇ ਨਿਰਯਾਤ ਤੋਂ ਪਾਬੰਦੀ ਹਟਾਉਂਦੇ ਹੋਏ ਮਦਦ ਦੀ ਪਹਿਲ ਕੀਤੀ ਜਿਸ ਨੂੰ ਦੁਨੀਆ ਨੇ ਸਵੀਕਾਰ ਕੀਤਾ ਹੈ ।
ਦੱਸ ਦੇਈਏ ਕਿ ਗੈਲਪ ਦੇ ਹਾਲ ਹੀ ਦੇ ਪੋਲ ਅਨੁਸਾਰ ਮੱਧ ਮਾਰਚ ਵਿੱਚ ਅਮਰੀਕਾ ਵਿੱਚ ਲਗਾਏ ਗਏ ਲਾਕਡਾਊਨ ਦੇ ਸਮੇਂ ਟਰੰਪ ਦੀ ਲੋਕਪ੍ਰਿਅਤਾ 49 ਫੀਸਦੀ ਸੀ ਜੋ ਕਿ ਹੁਣ ਡਿੱਗ ਕੇ 43 ਫੀਸਦੀ ਰਹਿ ਗਈ ਹੈ । ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 45 ਹਜ਼ਾਰ ਤੋਂ ਵਧੇਰੇ ਲੋਕ ਮਰ ਚੁੱਕੇ ਹਨ, ਜਦਕਿ 8 ਲੱਖ ਤੋਂ ਵਧੇਰੇ ਪੀੜਤ ਹਨ । ਜਿਸ ਕਾਰਨ ਟਰੰਪ ਪ੍ਰਸ਼ਾਸਨ ਹੁਣ ਆਲੋਚਨਾਵਾਂ ਦੇ ਕੇਂਦਰ ਵਿੱਚ ਹੈ । ਕੋਰੋਨਾ ਸੰਕਟ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਦੇ ਰਸਤੇ ਵਿੱਚ ਮੁਸ਼ਕਲ ਖੜ੍ਹੀ ਕਰ ਰਿਹਾ ਹੈ । ਇਸ ਤੋਂ ਇਲਾਵਾ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਇਸ ਲਿਸਟ ਵਿੱਚ ਸਭ ਤੋਂ ਹੇਠਾਂ ਹਨ ।