rohit sharma donate: ਟੀਮ ਇੰਡੀਆ ਦਾ ਸਟਾਰ ਬੱਲੇਬਾਜ਼ ‘ਹਿੱਟਮੈਨ’ ਰੋਹਿਤ ਸ਼ਰਮਾ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਲੜਾਈ ਦੇ ਮੈਦਾਨ ‘ਚ ਉੱਤਰਿਆ ਹੈ। ਟੀਮ ਇੰਡੀਆ ਦੇ ਵਨਡੇ ਅਤੇ ਟੀ -20 ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਇਸ ਜਾਨਲੇਵਾ ਵਾਇਰਸ ਖਿਲਾਫ਼ ਲੜਾਈ ‘ਚ ਆਪਣਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਇਸ ਜਾਨਲੇਵਾ ਬਿਮਾਰੀ ਦਾ ਪ੍ਰਕੋਪ ਇੰਨਾ ਵਧਿਆ ਹੈ ਕਿ ਵਿਸ਼ਵ ਭਰ ਵਿੱਚ 37,000 ਤੋਂ ਵੱਧ ਲੋਕ ਮਰ ਚੁੱਕੇ ਹਨ। ਭਾਰਤ ਵਿੱਚ 35 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਮੰਗਲਵਾਰ ਨੂੰ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰਦਿਆਂ ਕਿਹਾ, “ਸਾਨੂੰ ਆਪਣੇ ਦੇਸ਼ ਨੂੰ ਵਾਪਿਸ ਪੈਰਾਂ ‘ਤੇ ਲਿਆਉਣ ਦੀ ਜ਼ਰੂਰਤ ਹੈ ਅਤੇ ਇਹ ਸਭ ਸਾਡੇ ‘ਤੇ ਹੈ। ਮੈਂ ਪ੍ਰਧਾਨ ਮੰਤਰੀ ਕੇਅਰ ਫੰਡ ਨੂੰ 45 ਲੱਖ, ਮੁੱਖ ਮੰਤਰੀ ਰਿਲੀਫ ਫੰਡ (ਮਹਾਰਾਸ਼ਟਰ) ਨੂੰ 25 ਲੱਖ, ਫੀਡਿੰਗ ਇੰਡੀਆ ਨੂੰ 5 ਲੱਖ ਅਤੇ ਵੈਲਫੇਅਰ ਆਫ ਸਟਰੈ ਡੌਗਜ਼ ਨੂੰ 5 ਲੱਖ ਦਾਨ ਦੇਣ ਦਾ ਫੈਸਲਾ ਕੀਤਾ ਹੈ।” ਇਸ ਤਰ੍ਹਾਂ ਰੋਹਿਤ ਸ਼ਰਮਾ ਨੇ ਕੁਲ 80 ਲੱਖ ਰੁਪਏ ਦਾਨ ਕੀਤਾ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਨੇ 52 ਲੱਖ ਰੁਪਏ ਦਾਨ ਕੀਤੇ ਸਨ। ਸਚਿਨ ਤੇਂਦੁਲਕਰ ਨੇ 50 ਲੱਖ, ਪੀਵੀ ਸਿੰਧੂ ਨੇ 10 ਲੱਖ ਦਿੱਤੇ ਸਨ। ਅਜਿੰਕਿਆ ਰਹਾਣੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਫੰਡ ਲਈ 10 ਲੱਖ ਰੁਪਏ, ਸੌਰਵ ਗਾਂਗੁਲੀ ਨੇ ਲੋੜਵੰਦਾਂ ਨੂੰ ਚੌਲਾਂ ਲਈ 50 ਲੱਖ ਰੁਪਏ, ਈਸ਼ਾਨ ਕਿਸ਼ਨ ਨੇ 20 ਲੱਖ ਰੁਪਏ, ਸਾਬਕਾ ਕ੍ਰਿਕਟਰ ਅਤੁੱਲ ਵਾਸਨ ਨੇ 5 ਲੱਖ ਅਤੇ ਸੌਰਭ ਤਿਵਾਰੀ ਨੇ 1.5 ਲੱਖ ਰੁਪਏ ਦਾਨ ਕੀਤੇ ਹਨ।