Asian Development Bank approves: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਅਜਿਹੇ ਵਿੱਚ ਏਸ਼ੀਅਨ ਵਿਕਾਸ ਬੈਂਕ (ADB) ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਨੂੰ 1.5 ਅਰਬ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇਣ ਦੀ ਘੋਸ਼ਣਾ ਮੰਗਲਵਾਰ ਨੂੰ ਕੀਤੀ । ਇਸ ਕਰਜ਼ੇ ਦੀ ਵਰਤੋਂ ਕੋਰੋਨਾ ਦੀ ਲਾਗ ਨੂੰ ਕੰਟਰੋਲ ਕਰਨ, ਇਸ ਨੂੰ ਫੈਲਣ ਤੋਂ ਰੋਕਣ ਦੇ ਨਾਲ-ਨਾਲ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਲਈ ਸਮਾਜਿਕ ਸੁਰੱਖਿਆ ਲਈ ਵਰਤੋਂ ਕੀਤੀ ਜਾਵੇਗੀ ।
ਇਸ ਸਬੰਧੀ ADB ਦੇ ਪ੍ਰੈਜ਼ੀਡੈਂਟ ਮਸਾਤਸੁਗੁ ਅਸਾਕਾਵਾ ਨੇ ਕਿਹਾ ਕਿ ਇਸ ਨਾਲ ਇਹ ਯਕੀਨੀ ਹੋਵੇਗਾ ਕਿ ਭਾਰਤ ਸਰਕਾਰ ਕੋਰੋਨਾ ਨਾਲ ਪੂਰੀ ਤਰ੍ਹਾਂ ਲੜ ਸਕੇ । ਉਨ੍ਹਾਂ ਕਿਹਾ, “ਤਤਕਾਲ ਵੰਡ ਫੰਡ ਸਹਾਇਤਾ ਦੇ ਵੱਡੇ ਪੈਕੇਜ ਦਾ ਹਿੱਸਾ ਹੈ ਜੋ ਏਡੀਬੀ ਸਰਕਾਰ ਅਤੇ ਹੋਰ ਵਿਕਸਤ ਦੇਸ਼ਾਂ ਨਾਲ ਨੇੜਤਾ ਨਾਲ ਤਾਲਮੇਲ ਕਰੇਗਾ । ਜ਼ਿਕਰਯੋਗ ਹੈ ਕਿ ਭਾਰਤ ਏਸ਼ੀਅਨ ਵਿਕਾਸ ਬੈਂਕ (ADB) ਦਾ ਚੌਥਾ ਸਭ ਤੋਂ ਵੱਡਾ ਸ਼ੇਅਰਹੋਲਡਰ ਹੈ ਅਤੇ ਇਹ ਲਗਭਗ 30 ਅਰਬ ਡਾਲਰ ਦੇ ਕਰਜ਼ੇ ਨਾਲ ਇਸ ਬੈਂਕ ਤੋਂ ਸਭ ਤੋਂ ਵੱਧ ਉਧਾਰ ਲੈਣ ਵਾਲਾ ਦੇਸ਼ ਵੀ ਹੈ ।
ਦੱਸ ਦੇਈਏ ਕਿ ਭਾਰਤ ਅਤੇ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਨੂੰ ਪਾਰ ਕਰ ਗਈ ਹੈ । ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 1,897 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 73 ਲੋਕਾਂ ਦੀ ਮੌਤ ਹੋਈ ਹੈ ।