Amarnath Yatra Advance Registration: ਜੰਮੂ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਗੂ ਕੀਤੇ ਗਏ ਲਾਕ ਡਾਊਨ ਕਾਰਨ ਇਸ ਸਾਲ ਦੀ ਅਮਰਨਾਥ ਯਾਤਰਾ ਦੀ ਅਡਵਾਂਸ ਰਜਿਸਟ੍ਰੇਸ਼ਨ ਮੁਲਤਵੀ ਕਰ ਦਿੱਤੀ ਗਈ ਹੈ । 23 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੀ ਅਡਵਾਂਸ ਰਜਿਸਟ੍ਰੇਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋਣੀ ਸੀ, ਜਿਸ ਨੂੰ ਪਹਿਲਾਂ ਲਾਕ ਡਾਊਨ ਕਾਰਨ 15 ਅਪ੍ਰੈਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ।
ਇਸ ਸਬੰਧੀ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਦੀ ਅਡਵਾਂਸ ਰਜਿਸਟ੍ਰੇਸ਼ਨ ਇੱਕ ਅਪ੍ਰੈਲ ਤੋਂ ਸ਼ੁਰੂ ਹੋਣੀ ਸੀ, ਜੋ ਕਿ ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਕਾਰਨ ਪਹਿਲਾਂ 15 ਅਪ੍ਰੈਲ ਤੱਕ ਅਤੇ ਹੁਣ 4 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ । ਇਸ ਸਾਲ ਸ਼੍ਰੀ ਅਮਰਨਾਥ ਜੀ ਦੀ 42 ਦਿਨਾਂ ਯਾਤਰਾ 23 ਜੂਨ ਨੂੰ ਸ਼ੁਰੂ ਹੋ ਕੇ 3 ਅਗਸਤ ਤੱਕ ਜਾਰੀ ਰਹੇਗੀ ।
ਇਸ ਸਾਲ ਦੀ ਅਮਰਨਾਥ ਯਾਤਰਾ ਦੀ ਮਿਆਦ ਨੂੰ ਲੈ ਕੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਬੋਰਡ ਨੇ ਫੈਸਲਾ ਲਿਆ ਸੀ ਕਿ ਇਸ ਵਾਰ ਯਾਤਰਾ 23 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ 42 ਦਿਨਾਂ ਤੱਕ ਚੱਲੇਗੀ । ਇਹ ਯਾਤਰਾ 3 ਅਗਸਤ ਨੂੰ ਸ਼ਰਵਣ ਦੇ ਪੂਰਨਮਾਸ਼ੀ ਵਾਲੇ ਦਿਨ ਸਮਾਪਤ ਹੋਵੇਗੀ । ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਇਸ ਸਾਲ ਯਾਤਰਾ ਲਈ ਦੇਸ਼ ਦੇ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ, ਜੰਮੂ ਕਸ਼ਮੀਰ ਬੈਂਕ ਅਤੇ ਯੈਸ ਬੈਂਕ ਦੀਆਂ 442 ਨਾਮੀ ਸ਼ਾਖਾਵਾਂ ਰਾਹੀਂ ਸ਼ਰਧਾਲੂਆਂ ਦੀ ਅਡਵਾਂਸ ਰਜਿਸਟ੍ਰੇਸ਼ਨ ਦਾ ਪ੍ਰਬੰਧ ਕੀਤਾ ਹੈ ।