ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਦੋਂ ਆਪਣਿਆਂ ਵੱਲੋਂ ਮੂੰਹ ਫੇਰਨ ਦੇ ਕਈ ਮਾਮਲੇ ਸਾਹਮਣੇ ਆਏ, ਉੱਥੇ ਹੀ ਦੁਬਈ ਦੇ ਹਸਪਤਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਦੁਬਈ ਦੇ ਹਸਪਤਾਲ ‘ਚ ਕੋਰੋਨਾ ਪੀੜਤ ਭਾਰਤੀ ਦਾ ਇਲਾਜ ਚੱਲਿਆ। ਮਰੀਜ਼ ਦੇ ਠੀਕ ਹੋਣ ਮਗਰੋਂ ਹਸਪਤਾਲ ਨੇ ਉਸ ਦਾ ਇੱਕ ਕਰੋੜ 52 ਲੱਖ ਰੁਪਏ ਦਾ ਬਿੱਲ ਮਾਫ ਕਰ ਦਿੱਤਾ।
ਤੇਲੰਗਾਨਾ ਦੇ ਰਹਿਣ ਵਾਲੇ 42 ਸਾਲਾ ਓਡਨਾਲਾ ਰਾਜੇਸ਼ ਦੀ ਦੁਬਈ ‘ਚ 23 ਅਪ੍ਰੈਲ ਨੂੰ ਸਿਹਤ ਖ਼ਰਾਬ ਹੋਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਗਿਆ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਕਰੀਬ 80 ਦਿਨ ਇਲਾਜ ਚੱਲਿਆ। ਇਸ ਦੌਰਾਨ ਉਨ੍ਹਾਂ ਦਾ ਬਿੱਲ ਇੱਕ ਕਰੋੜ 52 ਲੱਖ ਰੁਪਏ ਬਣਿਆ।
ਰਾਜੇਸ਼ ਨੂੰ ਹਸਪਤਾਲ ‘ਚ ਗਲਫ ਵਰਕਰ ਪ੍ਰੋਟੈਕਸ਼ਨ ਸੁਸਾਇਟੀ ਦੇ ਮੁਖੀ ਗੁੰਢੇਲੀ ਨਰਸਿਮ੍ਹਾ ਨੇ ਦਾਖਲ ਕਰਵਾਇਆ ਸੀ। ਉਹ ਲਗਾਤਾਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਹਸਪਤਾਲ ਵੀ ਜਾਂਦੇ ਸਨ। ਉਨ੍ਹਾਂ ਨੇ ਹੀ ਰਾਜੇਸ਼ ਦੀ ਮਦਦ ਕਰਨ ਲਈ ਪੂਰੇ ਮਾਮਲੇ ਦੀ ਜਾਣਕਾਰੀ ਦੁਬਈ ‘ਚ ਭਾਰਤੀ ਦੂਤਾਵਾਸ ਦੇ ਵਾਲੰਟੀਅਰ ਸੋਮਨਾਥ ਰੈਡੀ ਨੂੰ ਦਿੱਤੀ।
ਸੋਮਨਾਥ ਰੈਡੀ ਨੇ ਦੁਬਈ ‘ਚ ਮਜਦੂਰ ਮਾਮਲਿਆਂ ਦੇ ਭਾਰਤੀ ਰਾਜਦੂਤ ਹਰਜੀਤ ਸਿੰਘ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਹਰਜੀਤ ਸਿੰਘ ਨੂੰ ਅਪੀਲ ਕੀਤੀ ਕਿ ਰਾਜੇਸ਼ ਇੰਨਾ ਪੈਸਾ ਦੇਣ ਦੇ ਅਸਮਰੱਥ ਹੈ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਰਾਜਦੂਤ ਹਰਜੀਤ ਸਿੰਘ ਨੇ ਦੁਬਈ ਹਸਪਤਾਲ ਦੇ ਪ੍ਰਸ਼ਾਸਨ ਨੂੰ ਖਤ ਲਿਖਿਆ ਜਿਸ ‘ਚ ਮਨੁੱਖੀ ਆਧਾਰ ‘ਤੇ ਬਿੱਲ ਮਾਫ ਕਰਨ ਦੀ ਮੰਗ ਕੀਤੀ।