Donald Trump temporarily suspend: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ । ਜਿਸਦੇ ਮੱਦੇਨਜ਼ਰ ਅਮਰੀਕਾ ਵੱਲੋਂ ਇਮੀਗ੍ਰੇਸ਼ਨ ਰੋਕਣ ਦਾ ਫੈਸਲਾ ਕੀਤਾ ਹੈ । ਇਸ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਐਲਾਨ ਕੀਤਾ ਹੈ । ਜਿਸ ਤੋਂ ਬਾਅਦ ਅਮਰੀਕਾ ਵਿੱਚ ਹੁਣ ਅਗਲੇ ਆਦੇਸ਼ਾਂ ਤੱਕ ਹੁਣ ਕਿਸੇ ਵੀ ਬਾਹਰੀ ਵਿਅਕਤੀ ਨੂੰ ਅਮਰੀਕਾ ਵਿੱਚ ਵੱਸਣ ਦੀ ਇਜਾਜ਼ਤ ਨਹੀਂ ਹੋਵੇਗੀ । ਡੋਨਾਲਡ ਟਰੰਪ ਨੇ ਇਸ ਸਬੰਧੀ ਆਪਣੇ ਟਵਿੱਟਰ ਅਕਾਊਂਟ ਤੋਂ ਐਲਾਨ ਕੀਤਾ ਹੈ । ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਕਾਰਨ ਖੜ੍ਹੇ ਹੋਏ ਅਰਥਵਿਵਸਥਾ ‘ਤੇ ਸੰਕਟ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ ।
ਦਰਅਸਲ, ਟਰੰਪ ਨੇ ਮੰਗਲਵਾਰ ਸਵੇਰੇ ਟਵੀਟ ਕਰਦਿਆਂ ਐਲਾਨ ਕੀਤਾ ਕਿ ਅਦ੍ਰਿਸ਼ ਦੁਸ਼ਮਣ ਦੇ ਹਮਲੇ ਕਾਰਨ ਜਿਹੜੀ ਸਥਿਤੀ ਪੈਦਾ ਹੋਈ ਹੈ ਉਸ ਵਿੱਚ ਅਸੀਂ ਆਪਣੇ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਬਚਾ ਕੇ ਰੱਖਣੀ ਹੈ । ਜਿਸਨੂੰ ਦੇਖਦੇ ਹੋਏ ਮੈਂ ਇੱਕ ਆਰਡਰ ‘ਤੇ ਦਸਤਖਤ ਕਰ ਰਿਹਾ ਹਾਂ ਜੋ ਅਮਰੀਕਾ ਵਿੱਚ ਬਾਹਰੀ ਲੋਕਾਂ ਦੇ ਵਸਣ ‘ਤੇ ਰੋਕ ਲਗਾ ਦੇਵੇਗਾ । ਟਰੰਪ ਦੇ ਇਸ ਆਦੇਸ਼ ਨਾਲ ਸਾਫ ਹੈ ਕਿ ਹੁਣ ਅਗਲੇ ਆਦੇਸ਼ ਤੱਕ ਕੋਈ ਵੀ ਵਿਦੇਸ਼ੀ ਨਾਗਰਿਕ ਅਮਰੀਕ ਦਾ ਨਾਗਰਿਕ ਨਹੀਂ ਬਣ ਪਾਵੇਗਾ ਅਤੇ ਨਾ ਹੀ ਇਸ ਲਈ ਐਪਲੀਕੇਸ਼ਨ ਦੇ ਸਕੇਗਾ ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਤੋਂ ਲੋਕ ਅਮਰੀਕਾ ਵਿੱਚ ਨੌਕਰੀ ਅਤੇ ਬਿਜ਼ਨੈੱਸ ਕਰਨ ਲਈ ਜਾਂਦੇ ਹਨ ਜੋ ਕਿ ਕੁਝ ਸਮੇਂ ਦੇ ਬਾਅਦ ਉੱਥੇ ਹੀ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਹਨ । ਇਸ ਤੋਂ ਇਲਾਵਾ ਲੈਟਿਨ ਅਮਰੀਕਾ, ਯੂਰਪ ਤੋਂ ਵੱਡੀ ਗਿਣਤੀ ਵਿੱਚ ਵੀ ਲੋਕ ਅਮਰੀਕਾ ਆਉਂਦੇ ਹਨ । ਉੱਥੇ ਹੀ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ, ਪਰ ਟਰੰਪ ਨੇ ਹੁਣ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ‘ਤੇ ਰੋਕ ਲਗਾ ਦਿੱਤੀ ਹੈ । ਹਾਲਾਂਕਿ ਇਹ ਰੋਕ ਹਾਲੇ ਅਸਥਾਈ ਰੂਪ ਨਾਲ ਲਗਾਈ ਗਈ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਹੁਣ ਤੱਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ । ਪਿਛਲੇ ਕਰੀਬ 2 ਮਹੀਨਿਆਂ ਵਿੱਚ ਅਮਰੀਕਾ ਵਿੱਚ 1 ਕਰੋੜ ਤੋਂ ਵੱਧ ਲੋਕ ਆਪਣੀ ਨੌਕਰੀ ਗਵਾ ਚੁੱਕੇ ਹਨ ਅਤੇ ਬੇਰੋਜ਼ਗਾਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਲਈ ਅਪਲਾਈ ਕਰ ਚੁੱਕੇ ਹਨ । ਜਿਸ ਕਾਰਨ ਟਰੰਪ ਵੱਲੋਂ ਇਹ ਫੈਸਲਾ ਲਿਆ ਗਿਆ ਹੈ ।