ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਵਾਲੇ ਪੀੜਤਾਂ ‘ਤੇ ਇਸ ਭਿਆਨਕ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਇਕ ਨਵੀਂ ਖੋਜ ਕੀਤੀ ਗਈ ਹੈ। ਇਸ ਖੋਜ ਮੁਤਾਬਕ ਕੋਰੋਨਾ ਸੰਕ੍ਰਮਣ ਦੇ 50 ਤੋਂ ਜ਼ਿਆਦਾ ਪ੍ਰਭਾਵਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਦਾ ਅਸਰ ਸੰਕ੍ਰਮਣ ਤੋਂ ਉਭਰਣ ਤੋਂ ਬਾਅਦ ਕੁਝ ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਤਕ ਰਹਿ ਸਕਦਾ ਹੈ।
ਅਮਰੀਕਾ ਦੇ ਹਿਊਸਟ ਮੇਥੋਡਿਸਟ ਹਸਪਤਾਲ ਦੇ ਖੋਜਕਰਤਾਵਾਂ ਵੱਲੋਂ ਕੀਤੀ ਗਈ ਇਸ ਖੋਜ ਮੁਤਾਬਕ ਇਨ੍ਹਾਂ ਪ੍ਰਭਾਵਾਂ ‘ਚ ਸਭ ਤੋਂ ਆਮ ਲੱਛਣ ਦੇ ਤੌਰ ‘ਤੇ ਥਕਾਨ ਦੀ ਪਛਾਣ ਕੀਤੀ ਗਈ ਹੈ। 58 ਫੀਸਦੀ ਮਾਮਲਿਆਂ ‘ਚ ਇਹ ਲੱਛਣ ਪਾਇਆ ਗਿਆ ਹੈ। ਇਸ ਤੋਂ ਬਾਅਦ ਸਿਰਦਰਦ (44 ਫੀਸਦੀ), ਇਕਾਗਰਤਾ ‘ਚ ਕਮੀ (27 ਫੀਸਦੀ), ਵਾਲ ਝੜਣਾ (25 ਫੀਸਦੀ), ਸਾਹ ਦੀ ਸਮੱਸਿਆ (24 ਫੀਸਦੀ), ਸਵਾਦ ‘ਚ ਕਮੀ (23 ਫੀਸਦੀ) ਤੇ ਸੁੰਘਣ ਦੀ ਸਮਰੱਥਾ ‘ਚ ਗਿਰਾਵਟ (21 ਫੀਸਦੀ) ਵਰਗੇ ਲੱਛਣ ਪਾਏ ਗਏ ਹਨ।
ਇਨ੍ਹਾਂ ਤੋਂ ਇਲਾਵਾ ਲੰਬੇ ਸਮੇਂ ਤਕ ਰਹਿਣ ਵਾਲੇ ਦੂਜੇ ਲੱਛਣਾਂ ਦੇ ਤੌਰ ‘ਤੇ ਖੰਘ, ਬੇਚੈਨੀ, ਫੇਫੜਿਆਂ ਦਾ ਠੀਕ ਤਰ੍ਹਾਂ ਕੰਮ ਨਾ ਕਰਨਾ, ਨੀਂਦ ਦੀ ਸਮੱਸਿਆ ਤੇ ਦਿਲ ਸਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਿਲਾ ਦਾ ਪਤਾ ਚੱਲਿਆ ਹੈ। ਕੰਨਾਂ ‘ਚ ਆਵਾਜ਼ ਮਹਿਸੂਸ ਕਰਨਾ ਤੇ ਰਾਤ ‘ਚ ਸੌਂਦੇ ਸਮੇਂ ਪਸੀਨਾ ਹੋਣ ਵਰਗੀਆਂ ਸਮੱਸਿਆਵਾਂ ਦੀ ਵੀ ਪਛਾਣ ਕੀਤੀ ਗਈ ਹੈ। ਖੋਜਕਰਤਾਵਾਂ ਨੇ ਡਿਪ੍ਰੈਸ਼ਨ, ਐਗਜਾਇਟੀ ਤੇ ਡਿਮੇਂਸੀਆ ਵਰਗੇ ਤੰਤਰਿਕ ਤੰਤਰ ਸਬੰਧੀ ਲਛਣਾਂ ਦਾ ਵੀ ਪਤਾ ਲਾਇਆ ਹੈ।