ਕੋਲਕਾਤਾ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਬੰਗਾਲ ਦੇ ਸਿਲੀਗੁੜੀ ਵਿਚ ਇੱਕ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ‘ਚ ਹੁਣ ਤੱਕ 15 ਮੌਤਾਂ ਹੋ ਚੁੱਕੀਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਐਕਸ ‘ਤੇ ਪੋਸਟ ਕੀਤਾ ਹੈ।
ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਦਾਰਜੀਲਿੰਗ ਜ਼ਿਲੇ ਦੇ ਫਾਂਸੀਦੇਵਾ ਇਲਾਕੇ ‘ਚ ਹੋਏ ਇਕ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁਖੀ ਹਾਂ।’
ਉਨ੍ਹਾਂ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ, ‘ਵਿਸਤ੍ਰਿਤ ਜਾਣਕਾਰੀ ਦਾ ਇੰਤਜ਼ਾਰ ਹੈ, ਦੱਸਿਆ ਜਾ ਰਿਹਾ ਹੈ ਕਿ ਕੰਚਨਜੰਗਾ ਐਕਸਪ੍ਰੈੱਸ ਇਕ ਮਾਲ ਗੱਡੀ ਨਾਲ ਟਕਰਾ ਗਈ ਹੈ। ਰਾਹਤ, ਬਚਾਅ ਅਤੇ ਡਾਕਟਰੀ ਸਹਾਇਤਾ ਲਈ ਡੀਐਮ, ਐਸਪੀ, ਡਾਕਟਰ, ਐਂਬੂਲੈਂਸ ਅਤੇ ਡਿਜ਼ਾਸਟਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।’ ਇਹ ਹਾਦਸਾ ਬਿਹਾਰ ਦੇ ਨਾਲ ਲੱਗਦੇ ਕਿਸ਼ਨਗੰਜ ਨੇੜੇ ਵਾਪਰਿਆ।
ਐਨਜੇਪੀ ਤੋਂ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਰੰਗਾਪਾਨੀ ਅਤੇ ਨਿਜਬਾੜੀ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕੰਚਨਜੰਗਾ ਐਕਸਪ੍ਰੈਸ ਗੱਡੀ ਖੜ੍ਹੀ ਸੀ ਜਦੋਂ ਮਾਲ ਗੱਡੀ ਨੇ ਪਿੱਛੇ ਤੋਂ ਆ ਕੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਟਰੇਨ ਦੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਸ ਹਾਦਸੇ ‘ਚ ਹੁਣ ਤੱਕ 15 ਮੌਤਾਂ ਹੋ ਚੁੱਕੀਆਂ ਹਨ।