ਲੁਕਾਸ ਪਾਕਵੇਟਾ ਦੇ ਮਹੱਤਵਪੂਰਨ ਗੋਲ ਦੇ ਦਮ ‘ਤੇ ਬ੍ਰਾਜ਼ੀਲ ਨੇ ਕੋਲੰਬੀਆ ਨੂੰ ਕੁਆਲੀਫਾਇੰਗ ਟੂਰਨਾਮੈਂਟ ਵਿਚ 1-0 ਨਾਲ ਹਰਾ ਕੇ ਕਤਰ ਵਿਚ ਅਗਲੇ ਸਾਲ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਦੱਖਣੀ ਅਮਰੀਕਾ ਦੇ ਫੁੱਟਬਾਲ ਨਿਗਮ ਕੋਨਮੇਬੋਲ ਨੇ ਦੱਸਿਆ ਕਿ ਬ੍ਰਾਜ਼ੀਲ ਇਸ ਖੇਤਰ ਤੋਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਦੇਸ਼ ਹੈ। ਹੋਰ ਮੁਕਾਬਲਿਆਂ ਵਿਚ ਤੀਜੇ ਸਥਾਨ ‘ਤੇ ਮੌਜੂਦ ਇਕਵਾਡੋਰ ਨੇ ਆਖ਼ਰੀ ਨੰਬਰ ‘ਤੇ ਖੜ੍ਹੀ ਵੈਨਜ਼ੂਏਲਾ ਨੂੰ 1-0 ਨਾਲ ਹਰਾਇਆ। ਇਕਵਾਡੋਰ ਵੱਲੋਂ ਪੀਏਰੋ ਹਿਨਕਾਪੀਏ ਨੇ ਇੱਕੋ ਇਕ ਗੋਲ 41ਵੇਂ ਮਿੰਟ ਵਿਚ ਕੀਤਾ। ਇਸ ਵਿਚਾਲੇ ਪੈਰਾਗੁਏ ਦੇ ਏਂਟੋਨੀ ਸਿਲਵਾ ਨੇ 56ਵੇਂ ਮਿੰਟ ਵਿਚ ਆਤਮਘਾਤੀ ਗੋਲ ਕੀਤਾ ਜਿਸ ਕਾਰਨ ਚਿਲੀ ਨੇ ਪੈਰਾਗੁਏ ਖ਼ਿਲਾਫ਼ 1-0 ਦੀ ਜਿੱਤ ਦਰਜ ਕੀਤੀ।