ਕੋਵਿਡ ਇਨਫੈਕਸ਼ਨ ਦਾ ਪਤਾ ਲੱਗਣ ਦੇ ਲੰਬੇ ਸਮੇਂ ਬਾਅਦ ਤਕ ਕਈ ਲੋਕਾਂ ਨੂੰ ਕ੍ਰੋਨਿਕ ਥਕਾਵਟ ਤੇ ਸਾਹ ਲੈਣ ’ਚ ਦਿੱਕਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕ੍ਰੋਨਿਕ ਥਕਾਵਟ ਇਕ ਮੈਡੀਕਲ ਅਵਸਥਾ ਹੈ, ਜੋ ਅਕਸਰ ਵਾਇਰਲ ਇਨਫੈਕਸ਼ਨ ਕਾਰਨ ਪੈਦਾ ਹੁੰਦੀ ਹੈ। ਇਹ ਕਹਿਣਾ ਹੈ ਉਨ੍ਹਾਂ ਵਿਗਿਆਨੀਆਂ ਦਾ, ਜਿਨ੍ਹਾਂ ਨੇ ਆਪਣੀ ਤਰ੍ਹਾਂ ਦੇ ਪਹਿਲੇ ਅਧਿਐਨ ’ਚ ਲਾਂਗ ਕੋਵਿਡ ਤੇ ਕ੍ਰੋਨਿਕ ਥਕਾਵਟ ਦੇ ਸਬੰਧਾਂ ਬਾਰੇ ਪਤਾ ਲਗਾਇਆ ਹੈ। ਵਿਗਿਆਨੀਆਂ ਦੇ ਅਧਿਐਨ ਦੇ ਸਿੱਟੇ ਜੇਏਸੀਸੀ : ਹਾਰਟ ਫੇਲਓਰ ਨਾਮਕ ਮੈਗਜ਼ੀਨ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੌਰਾਨ ਵਿਗਿਆਨੀਆਂ ਨੇ ਪਤਾ ਲਗਾਇਆ ਕਿ ਕੋਰੋਨਾ ਇਨਫੈਕਸ਼ਨ ਤੋਂ ਬਾਅਦ ਕਈ ਲੋਕ ਬਿਨਾਂ ਹਸਪਤਾਲ ’ਚ ਦਾਖ਼ਲ ਹੋਏ ਵੀ ਠੀਕ ਹੋ ਗਏ ਪਰ ਲੰਬੇ ਸਮੇਂ ਤਕ ਉਨ੍ਹਾਂ ’ਚ ਬਿਮਾਰੀ ਦਾ ਅਸਰ ਬਣਿਆ ਰਿਹਾ।
ਖੋਜਕਾਰਾਂ ਨੇ ਕਿਹਾ, ‘ਦਰਅਸਲ, ਇਹ ਮਰੀਜ਼ ਸਾਰਸ ਸੀਓਵੀ-2 ਦੇ ਪੋਸਟ ਐਕਿਊਟ ਸੀਕਵਲ ਤੋਂ ਪੀੜਤ ਸਨ, ਜਿਸ ਨੂੰ ਲਾਂਗ ਕੋਵਿਡ ਜਾਂ ਲਾਂਗ ਹਾਲਰਸ ਕੋਵਿਡ ਵੀ ਕਿਹਾ ਜਾਂਦਾ ਹੈ।’ ਉਨ੍ਹਾਂ ਕਿਹਾ ਕਿ 2005 ’ਚ ਸਾਰਸ ਸੀਓਵੀ-1 ਮਹਾਮਾਰੀ ਤੋਂ ਬਾਅਦ ਵੀ ਲੋਕਾਂ ਨੇ ਗੰਭੀਰ ਥਕਾਵਟ, ਫ਼ੈਸਲਾ ਲੈਣ ’ਚ ਪਰੇਸ਼ਾਨੀ ਤੇ ਉਨੀਂਦਰੇ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਸੀ। ਹਾਲ ਹੀ ’ਚ ਕੀਤੇ ਅਧਿਐਨ ’ਚ ਖੋਜਕਰਤਾਵਾਂ ਨੇ ਕੁੱਲ 41 ਮਰੀਜ਼ਾਂ ਨੂੰ ਸ਼ਾਮਲ ਕੀਤਾ, ਜਿਨ੍ਹਾਂ ’ਚ 23 ਔਰਤਾਂ ਤੇ 18 ਪੁਰਸ਼ ਸਨ। ਇਨ੍ਹਾਂ ਦੀ ਉਮਰ 23 ਤੋਂ 69 ਸਾਲ ਵਿਚਾਲੇ ਸੀ। ਅਮਰੀਕਾ ਦੇ ਮਾਊਂਟ ਸਿਨਾਈ ਸਥਿਤ ਆਈਕਨ ਸਕੂਲ ਆਫ ਮੈਡੀਸਨ ’ਚ ਪ੍ਰੋਫੈਸਰ ਤੇ ਅਧਿਐਨ ਦੀ ਅਗਵਾਈ ਕਰਨ ਵਾਲੀ ਡੋਨਾ ਐੱਮ. ਮੈਨਸਿਨੀ ਕਹਿੰਦੀ ਹੈ, ‘ਗੰਭੀਰ ਕੋਵਿਡ ਇਨਫੈਕਸ਼ਨ ਤੋਂ ਉਭਰਨ ਦੌਰਾਨ ਹੋਰਨਾਂ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਈ ਮਰੀਜ਼ ਸਾਹ ਲੈਣ ’ਚ ਪਰੇਸ਼ਾਨੀ ਦੀ ਸ਼ਿਕਾਇਤ ਕਰਦੇ ਹਨ, ਜਿਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਾਰਡਿਓਪਲਮੋਨਰੀ ਐਕਸਰਸਾਈਜ਼ ਟੈਸਟ ਦੀ ਵਿਵਸਥਾ ਹੈ। ਇਸ ’ਚ ਕਈ ਤਰੁੱਟੀਆਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਕਾਰਨ ਰੋਜ਼ਾਨ ਦੀਆਂ ਆਮ ਸਰਗਰਮੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ।’