ਕੋਵਿਡ-19 ਮਹਾਮਾਰੀ ਦੌਰਾਨ ਲਗਪਗ 85 ਫ਼ੀਸਦੀ ਭਾਰਤੀਆਂ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਸਿਹਤ ਨਾਲ ਜੁੜੀ ਸਮੱਗਰੀ ’ਤੇ ਜ਼ਿਆਦਾ ਖ਼ਰਚ ਕੀਤੇ। ਅਮਰੀਕਨ ਐਕਸਪ੍ਰੈੱਸ ਵੱਲੋਂ ਜਾਰੀ ਰਿਪੋਰਟ ‘ਏਮੇਕਸ ਟ੍ਰੈਂਡੈਕਸ’ ’ਚ ਦੱਸਿਆ ਗਿਆ ਹੈ ਕਿ ਅਮਰੀਕਾ ਆਉਣ ਵਾਲੇ ਲਗਪਗ ਦੋ ਹਜ਼ਾਰ ਆਮ ਯਾਤਰੀਆਂ ਤੇ ਭਾਰਤ, ਜਾਪਾਨ, ਆਸਟ੍ਰੇਲੀਆ, ਮੈਕਸੀਕੋ, ਬਰਤਾਨੀਆ ਤੇ ਕੈਨੇਡਾ ਤੋਂ ਆਉਣ ਵਾਲੇ ਲਗਪਗ ਇਕ ਹਜ਼ਾਰ ਯਾਤਰੀਆਂ ’ਤੇ ਅਧਿਐਨ ਕੀਤਾ ਗਿਆ।
ਇਸ ’ਚ ਪਾਇਆ ਗਿਆ ਕਿ 73 ਫ਼ੀਸਦੀ ਭਾਰਤੀ ਉਪਭੋਗਤਾ ਇਹ ਮਹਿਸੂਸ ਕਰਦੇ ਹਨ ਕਿ ਮਹਾਮਾਰੀ ਨੇ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕੀਤਾ। ਭਾਵੇਂ ਇਸ ਦਾ ਕਾਰਨ ਆਈਸੋਲੇਸ਼ਨ ਨਾਲ ਜੁੜੀਆਂ ਪਾਬੰਦੀਆਂ ਹੋਣ ਜਾਂ ਸਿਹਤਮੰਦ ਰਹਿਣ ਦੀ ਚਿੰਤਾ। ਇਸ ਲਈ ਭਾਰਤੀ ਸਰੀਰਕ ਤੇ ਮਾਨਸਿਕ ਸਿਹਤ ਲਈ ਜ਼ਿਆਦਾ ਸਮਾਂ ਤੇ ਪੈਸੇ ਦਾ ਨਿਵੇਸ਼ ਕਰ ਰਹੇ ਹਨ। ਸਰਵੇ ਦੌਰਾਨ 93 ਫ਼ੀਸਦੀ ਭਾਰਤੀਆਂ ਨੇ ਨਵੀਂ ਕਾਰ ਖ਼ਰੀਦਣ ਦੀ ਬਜਾਏ ਮਾਨਸਿਕ ਸਿਹਤ ਨੂੰ ਪਹਿਲ ਦੇਣ, ਜਦੋਂ ਕਿ 89 ਫ਼ੀਸਦੀ ਨੇ ਆਪਣਾ ਪਸੰਦੀਦਾ ਟੀਵੀ ਸ਼ੋਅ ਛੱਡਣ ਦੀ ਗੱਲ ਕਹੀ।
80 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਮਹਾਮਾਰੀ ਦੌਰਾਨ ਸਿਹਤ ਸਾਧਨਾਂ ਦਾ ਲਾਭ ਉਠਾਇਆ। 59 ਫ਼ੀਸਦੀ ਲੋਕਾਂ ਨੇ ਕੁਦਰਤੀ ਵਿਟਾਮਿਨ ਤੇ ਸਪਲੀਮੈਂਟ ’ਤੇ, 56 ਫ਼ੀਸਦੀ ਨੇ ਸਿਹਤ ਨਾਲ ਜੁੜੇ ਉਪਕਰਨਾਂ ਦੀ ਖ਼ਰੀਦ ’ਤੇ, 58 ਫ਼ੀਸਦੀ ਨੇ ਆਰਗੈਨਿਕ ਫੂਡ ’ਤੇ ਜਦੋਂਕਿ 43 ਫ਼ੀਸਦੀ ਨੇ ਕਸਰਤ ’ਤੇ ਜ਼ਿਆਦਾ ਖਰਚ ਕਰਨ ਦੀ ਗੱਲ ਕਹੀ। ਮਾਨਸਿਕ ਸਿਹਤ ਲਈ 43 ਫ਼ੀਸਦੀ ਲੋਕਾਂ ਨੇ ਕਸਰਤ ਕਰਨ, 34 ਫ਼ੀਸਦੀ ਨੇ ਸੰਗੀਤ ਸੁਣਨ, 32 ਫ਼ੀਸਦੀ ਨੇ ਦਿਨ ਭਰ ਦੇ ਕੰਮ ’ਚ ਬ੍ਰੇਕ ਲੈਣ ਤੇ ਲਗਪਗ 32 ਫ਼ੀਸਦੀ ਨੇ ਧਿਆਨ ਲਗਾਉਣ ਵਰਗੇ ਉਪਾਅ ਅਜਮਾਏ।