us helps india: ਅਮਰੀਕਾ ਵੱਲੋਂ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਭਾਰਤ ਨੂੰ ਤਕਰੀਬਨ 59 ਲੱਖ ਡਾਲਰ ਦੀ ਸਿਹਤ ਸਹਾਇਤਾ ਰਾਸ਼ੀ ਦਿੱਤੀ ਹੈ। ਭਾਰਤੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕੀਤੀ ਜਾਏਗੀ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਪ੍ਰਭਾਵਿਤ ਲੋਕਾਂ ਦੀ ਦੇਖਭਾਲ, ਭਾਈਚਾਰਿਆਂ ਨੂੰ ਲੋੜੀਂਦੇ ਜਨਤਕ ਸਿਹਤ ਦੇ ਸੰਦੇਸ਼ ਦੇਣ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਕੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਦਦ ਕੀਤੀ ਜਾ ਰਹੀ ਹੈ। ਇਸ ਸਹਾਇਤਾ ਦੀ ਵਰਤੋਂ ਸੰਕਟਕਾਲੀ ਤਿਆਰੀ ਅਤੇ ਇਸ ਵਿਸ਼ਵਵਿਆਪੀ ਮਹਾਂਮਾਰੀ ਨਾਲ ਨਜਿੱਠਣ ਲਈ ਨਵੇਂ ਫੰਡਿੰਗ ਢਾਂਚੇ ਨੂੰ ਵਧਾਉਣ ਲਈ ਵੀ ਕੀਤੀ ਜਾ ਰਹੀ ਹੈ।
ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਇਹ ਪਿੱਛਲੇ 20 ਸਾਲਾਂ ਦੌਰਾਨ ਅਮਰੀਕਾ ਦੁਆਰਾ ਭਾਰਤ ਨੂੰ ਮੁਹੱਈਆ ਕਰਵਾਈ ਗਈ ਤਕਰੀਬਨ 2.8 ਅਰਬ ਡਾਲਰ ਦੀ ਕੁੱਲ ਸਹਾਇਤਾ ਦਾ ਹਿੱਸਾ ਹੈ। ਜਿਸ ਵਿੱਚ 1.4 ਬਿਲੀਅਨ ਤੋਂ ਵੱਧ ਦੀ ਸਿਹਤ ਸਹਾਇਤਾ ਸ਼ਾਮਿਲ ਹੈ।” ਅਮਰੀਕਾ ਨੇ ਦੱਖਣੀ ਏਸ਼ੀਆ ਦੇ ਦੇਸ਼ ਜਿਨ੍ਹਾਂ ਨੂੰ ਕੋਵਿਡ -19 ਨਾਲ ਨਜਿੱਠਣ ਲਈ ਸਹਾਇਤਾ ਪ੍ਰਦਾਨ ਕੀਤੀ ਹੈ, ਇਨ੍ਹਾਂ ਵਿੱਚ ਅਫਗਾਨਿਸਤਾਨ (1.8 ਕਰੋੜ ਡਾਲਰ), ਬੰਗਲਾਦੇਸ਼ (96 ਲੱਖ ਡਾਲਰ), ਭੂਟਾਨ (5 ਲੱਖ ਡਾਲਰ), ਨੇਪਾਲ (18 ਲੱਖ ਡਾਲਰ), ਪਾਕਿਸਤਾਨ (94 ਲੱਖ ਡਾਲਰ) ਅਤੇ ਸ੍ਰੀਲੰਕਾ (13 ਲੱਖ ਡਾਲਰ) ਸ਼ਾਮਿਲ ਹਨ।