32.29 F
New York, US
December 27, 2024
PreetNama
ਸਮਾਜ/Social

ਕੌਫ਼ੀ ਹਾਊਸ ਜਲੰਧਰ ਦਾ ਤਾਲਾਬੰਦ ਗੇਟ ਬਨਾਮ ਅਤੀਤ ਦੀ ਪੁਕਾਰ

ਕੌਫ਼ੀ ਹਾਊਸ ਜਲੰਧਰ ਦਾ ਤਾਲਾਬੰਦ ਗੇਟ ਬਨਾਮ ਅਤੀਤ ਦੀ ਪੁਕਾਰ

ਦੀਦਾਵਰ ਦਾ ਹੁਨਰ

ਯਾਦਵਿੰਦਰ

ਦੋਆਬੇ ਦੇ ਦਿਲ ਵਜੋਂ ਜਾਣੇ ਜਾਂਦੇ ਸ਼ਹਿਰ ਵਿਚ ਐਨ ਗੱਬੇ ਇਕ ਕੌਫ਼ੀ ਹਾਊਸ ਹੁੰਦਾ ਸੀ, ਜਿਸ ਦੇ ਮੁੜ ਆਬਾਦ ਹੋਣ ਦੀ ਭਾਵੇਂ ਕੋਈ ਆਸ ਨਹੀਂ ਬਚੀ ਪਰ ਦਾਨਿਸ਼ਵਰਾਂ ਤੇ ਕਦਰਦਾਨਾਂ ਨੂੰ ਪਤੈ ਕਿ ਉਸ ਕੌਫ਼ੀ ਹਾਊਸ ਦੀਆਂ ਕੰਧਾਂ ਦੇ ਕੰਨਾਂ ਨੇ ਕੀਹ-ਕੀਹ ਸੁਣਿਆ ਹੋਇਆ ਹੈ ਤੇ ਕੀਹ-ਕੀਹ ਹੁੰਦਾ ਦੇਖਿਆ ਹੈ। ਉਹ ਕੌਫ਼ੀ ਹਾਊਸ, ਕੋਈ ਕੌਫ਼ੀ ਵਗੈਰਾ ਪੀਣ ਦਾ ਟਿਕਾਣਾ ਥੋੜ੍ਹੋਂ ਸੀ ਬਲਕਿ ਓਨਾਂ ਹੀ ਕੀਮਤੀ ਸੀ ਜਿਵੇਂ ਹੁਣ ਬੰਬਈ ਦਾ ‘ਜਿਨਾਹ ਹਾਊਸ’ ਹੈ।

(2)

ਇਸ ਕੌਫ਼ੀ ਹਾਊਸ ਵਿਚ ਭੱਖਦੀਆਂ ਬਹਿਸਾਂ ਕਰਨ ਵਾਲੇ ਨਾਟਕਕਾਰ, ਸ਼ਾਇਰ ਤੇ ਬੁੱਧੀਜੀਵੀ ਕਿਸਮ ਦੇ ਪੱਤਰਕਾਰ ਵੀ ਇਕ-ਇਕ ਕਰ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕੇ ਹਨ। ਇਕ ਤਕਨੀਕੀ ਕਾਮਾ ਜਿਹੜਾ ਬਹੁ-ਕਲਾਵਾਂ ਦਾ ਮਾਲਕ ਹੈ ਤੇ ਕੌਫ਼ੀ ਹਾਊਸ ਵਿਚ ਇਲੈਕਟ੍ਰੀਸ਼ਨ ਤੋਂ ਇਲਾਵਾ ਸ਼ਾਮ ਵੇਲੇ ਕੌਫ਼ੀ ਬਣਾਉਣ ਵਿਚ ਮਦਦ ਕਰਦਾ ਹੁੰਦਾ ਸੀ, ਓਹੀ, ਜਿਉਂਦਾ ਬਚਿਆ ਹੈ। ਜਦੋਂ ਕੌਫ਼ੀ ਹਾਊਸ ਆਬਾਦ ਹੁੰਦਾ ਸੀ ਉਦੋਂ ਇਹ ਵਿਅਕਤੀ ‘ਖਾਣ-ਪੀਣ’ ਵਾਲੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਮੰਗ ਮੁਤਾਬਕ ਪਊਆ, ਅਧੀਆ ਲਿਆਦਿੰਦਾ ਹੁੰਦਾ ਸੀ ਕਿਉਂਕਿ ਮੰਗਾਉਣ ਵਾਲੇ ਟਿਪ ਦੇਣ ਦੇ ਬੜੇ ਪੱਕੇ ਸਨ। ਅੱਜਕਲ੍ਹ ਦੇ ਉਹ ਮੁੰਡੇ-ਕੁੜੀਆਂ ਜਿਹੜੇ ਬੇ-ਉਸਤਾਦੇ ਹਨ ਤੇ ਲੈਪਟੌਪ, ਮੋਬਾਈਲ ‘ਤੇ ਲਗਾਤਾਰ ਉਂਗਲੀਆਂ ਚਲਾਉਣ ਕਰ ਕੇ, ਪ੍ਰੈੱਸ ਨੋਟ ਅਧਾਰਤ ਪੱਤਰਕਾਰੀ ਚਲਾਅ ਰਹੇ ਹਨ, ਸੰਸਥਾਵਾਂ ਦੀ ਪੀ.ਆਰ. (ਲੋਕ ਸੰਪਰਕੀ) ਕਰਦੇ ਹਨ, ਉਨ੍ਹਾਂ ਦੀ ਕੌਫ਼ੀ ਹਾਊਸ ਆਬਾਦ ਹੋਣ ਜਾਂ ਨਾ ਹੋਣ ਵਿਚ ਕੋਈ ਦਿਲਚਸਪੀ ਨਹੀਂ ਹੈ।

3)

ਦਰਅਸਲ, ਕਾਫ਼ੀ ਸਾਲ ਪਹਿਲਾਂ ਇਥੇ ਆਉਣ ਵਾਲੇ ਲੋਕ ਦਸ ਰੁਪਏ ਵਿਚ ਕੌਫ਼ੀ ਦਾ ਇਕ ਕੱਪ ਪੀਂਦੇ ਹੁੰਦੇ ਸਨ, ਜੋ ਉਦੋਂ ਕਾਫ਼ੀ ਮਹਿੰਗਾ ਸੀ। ਤਲਵੰਡੀ ਸਲੇਮ ਤੋਂ ਆਉਂਦਾ ਪਾਸ਼ ਇੱਥੇ ਬਹਿ ਕੇ ‘ਸਿਆੜ’, ‘ਜਨਤਕ ਲੀਹ’ ਤੇ ‘ਰੋਹਿਲੇ ਬਾਣ’ ਦੀ ਤਰਤੀਬ ਬਣਾਉਂਦਾ ਹੁੰਦਾ ਸੀ। ਉਸ ਦਾ ਦੋਸਤ ਅਮਿਤੋਜ, ਜਿਹੜਾ ਕਦੇ ਕ੍ਰਿਸ਼ਨ ਕੰਵਲ ਬਣਿਆ, ਕਦੇ ਕਦੇ ਕ੍ਰਿਸ਼ਨ ਅਦੀਬ ਵੀ ਬਣਿਆ, ਉਹ ‘ਅਮਿਤੋਜ ਹੋ ਜਾਣ ਮਗਰੋਂ’ ਵੀ ਏਥੇ ਜ਼ਰੂਰ ਆਉਂਦਾ ਸੀ। ਕੌਫ਼ੀ ਹਾਊਸ ਵਿਚ ਨਾਟਕਕਾਰ ਸੁਰਜੀਤ ਸੇਠੀ, ਪ੍ਰੋ. ਮੋਹਨ ਸਿੰਘ, ਦੀਪਕ ਜਲੰਧਰੀ, ਸ਼ਾਮ ਲਾਲ ਤਾਲ਼ਿਬ, ਸੁਰਜੀਤ ਜਲੰਧਰੀ (ਜੀਵਨ ਸਿੰਘ ਸਰੀਂਹ), ਫ਼ਿਕਰ ਤੌਸਵੀ, ਗੁਰਬਖ਼ਸ਼ ਸਿੰਘ ਬੰਨੋਆਣਾ, ਸੁਹੇਲ ਸਿੰਘ ਵੱਲੋਂ ਪ੍ਰਵਾਨ ਕੀਤੇ ਤੇ ਅਪ੍ਰਵਾਨ ਕੀਤੇ ਸ਼ਾਗ਼ਿਰਦ ਲਗਾਤਾਰ ਆਉਂਦੇ ਤੇ ਬਹਿੰਦੇ ਹੁੰਦੇ ਸਨ। ਇਥੇ ‘ਜਨਤਕ ਲਹਿਰ’ ਤੇ ‘ਲੋਕ ਲਹਿਰ’ ਨਾਲ ਸਬੰਧਤ ਕਈ ਜ਼ਹੀਨ ਨਾਮਾਨਿਗ਼ਾਰ, ਕਾਲਮਨਿਗ਼ਾਰ ਬੜੀ ਸ਼ੌਕਤ ਨਾਲ ਆਉਂਦੇ ਸਨ।
ਕੌਫ਼ੀ ਹਾਊਸ ਵਿਚ ਮਹਿਫ਼ਿਲ ਜੁੜਦੀ ਤਾਂ ਨੇੜੇ ਪੈਂਦੇ ਭਗਤ ਸਿੰਘ ਚੌਕ ਤੋਂ ਹੀ ਆਪੋ-ਆਪਣੇ ਦਫ਼ਤਰਾਂ ਤੋਂ ਇੰਦਰਜੀਤ ਅਣਖੀ, ਸੁਰਪਤ ਸਿੰਘ ਸੇਵਕ, ਅਮਰਜੀਤ ਸਿੰਘ ਅਕਸ, ਹਰਜਿੰਦਰ ਸਿੰਘ ਦਿਲਗ਼ੀਰ ਤੇ ‘ਬਿੰਦੂ’ ਰਸਾਲੇ ਵਾਲੇ ਛਾਬੜਾ (ਹੁਣ ਅਮਰੀਕਾ ਵਿਚ) ਵੀ ਜ਼ਰੂਰ ਆਉਂਦੇ। ਕਦੇ-ਕਦੇ ਜਗਜੀਤ ਸਿੰਘ ਚੌਹਾਨ (ਵੱਖਵਾਦੀ ਆਗੂ) ਵੀ ਇਥੇ ਆ ਜਾਂਦਾ ਸੀ ਕਿਉਂਜੋ ਉਸ ਦਾ ਕਲੀਨਿਕ ਲਾਗੇ ਹੀ ਹੁੰਦਾ ਸੀ। ਉਦੋਂ ਕੌਫ਼ੀ ਹਾਊਸ ਵਿਚ ਬਹਿਣ ਵਾਲੇ ਅਦੀਬਾਂ ਵਿਚ ਨੌਨਿਹਾਲ ਸਿੰਘ ਵੀ ਹੁੰਦੇ ਸਨ, ਜਿਨ੍ਹਾਂ ਦੀ ਜ਼ਮੀਨ ‘ਤੇ ਦਿਲਕੁਸ਼ਾ ਮਾਰਕੀਟ ਉੱਸਰੀ ਹੋਈ ਹੈ। ਕੌਫ਼ੀ ਹਾਊਸ ਵਿਚ ਬਹਿਣ ਵਾਲੇ ਬਹੁਤੇ ਲੋਕ ਸਦੀਵੀਂ ਵਿਛੋੜਾ ਦੇ ਚੁੱਕੇ ਹਨ ਜਦਕਿ ਕੁਝ ਲੋਕ ਰਾਜਨੀਤਕ ਸ਼ਰਨ ਲੈ ਕੇ ਵਿਕਸਤ ਦੁਨੀਆਂ ਦੇ ਮੁਲਕਾਂ ਵਿਚ ਟਿਕ ਗਏ ਹੋਏ ਹਨ।

(4)

‘ਉਹ’ ਇਲੈਕਟ੍ਰੀਸ਼ਨ ਹਾਲੇ ਸਹੀ ਸਲਾਮਤ ਹੈ ਤੇ ਮੀਡੀਆ ਇੰਡਸਟਰੀ ਵਿਚ ਹੀ ਹੈ। ਉਹ ਸ਼ਾਮ ਵੇਲੇ ਪ੍ਰੈੱਸ ਕਲੱਬ ਵਿਚ ਜਾਂਦਾ ਹੈ ਤੇ ਜਿੱਥੇ ਸ਼ਰਾਬ-ਬੀਅਰ ਵਰਤਾਉਣ ਵਾਲਾ ਕਾਉਂਟਰ ਹੈ, ਉਥੇ ਸੇਵਾਵਾਂ ਦਿੰਦਾ ਹੈ। ਉਸ ਨੇ ਨਾਟਕਕਾਰਾਂ, ਕਲਮਕਾਰਾਂ, ਚਿੱਤਰਕਾਰਾਂ, ਕਾਲਮਨਿਗ਼ਾਰਾਂ, ਸਿਆਸਤਦਾਨਾਂ ਨੂੰ 1970 ਦੇ ਦੌਰ ਵਿਚ ਚੁੰਝ ਲੜਾਉਂਦੇ, ਬਹਿਸਦੇ, ਝਗੜਦੇ ਤੇ ਮੁੜ ਕੇ ਹੱਸ ਹੱਸ ਕੇ ਕੌਫੀ ਪੀਂਦਿਆਂ ਵੇਖਿਆ ਹੋਇਆ ਹੈ, ਕੀ ਦੌਰ ਸੀ ਉਹ!! ਇਥੇ ਬੈਠਾ ਨਾਨਕ ਚੰਦ ਨਾਜ਼ ਕਈ ਵਾਰੀ ‘ਕੌਮੀ ਦਰਦ’ ਤੇ ‘ਜਥੇਦਾਰ’ ਦੀ ਸੰਪਾਦਕੀ ਬੈਠਿਆਂ ਬੈਠਿਆਂ ਲਿਖਦਾ ਹੁੰਦਾ ਸੀ, ਮਾਸਟਰ ਤਾਰਾ ਸਿੰਘ ਨਾਲ ਉਸ ਦੀ ਡੂੰਘੀ ਸਾਂਝ ਜੁ ਸੀ। ਉਦੋਂ, ਨੰਦ ਲਾਲ ‘ਐਸ਼’, ਹਰੀਸ਼ ਚੰਦਰ ਚੱਢਾ, ਰਾਮਾਨੰਦ ਸਾਗਰ (ਨਿਰਮਾਤਾ ਲੜੀਵਾਰ ਰਾਮਾਇਣ) ਬੜੇ ਕਹਿੰਦੇ ਕਹਾਉਂਦੇ ਬੰਦੇ ਅਖ਼ਬਾਰੀ ਮੁਲਾਜ਼ਮ ਹੋਣ ਕਾਰਨ ਕੌਫ਼ੀ ਹਾਊਸ ਵਿਚ ਬੈਠਦੇ ਹੁੰਦੇ ਸਨ। ਲੰਡਨੋਂ ਜਦੋਂ ਵੀ ਸਾਥੀ ਲੁਧਿਆਣਵੀ ਨੇ ਆਉਣਾ ਤਾਂ ਇਥੇ ਹਾਜ਼ਰੀ ਲੁਆ ਕੇ ਜਾਣਾ। ਇੱਥੇ ਸਆਦਤ ਹਸਨ ਮੰਟੋ ਤੋਂ ਲੈ ਕੇ ਮੁਨਸ਼ੀ ਪ੍ਰੇਮ ਚੰਦ ਦੀਆਂ ਗੱਲਾਂ ਹੁੰਦੀਆਂ।
ਇਥੇ ਪਾਦਰੀ ਗ਼ੁਲਾਮ ਕਾਦਿਰ, ਸ਼ਾਇਰ ਹਫ਼ੀਜ਼ ਜਲੰਧਰੀ, ਜਨਰਲ ਜ਼ਿਆ ਉਲ ਹੱਕ, ਮੈਕਸਿਮ ਗੋਰਕੀ, ਅਲਬਰਤ ਕਾਮੂ, ਮਿਸ਼ੇਲ ਫੂਕੋ ਤੋਂ ਲੈ ਕੇ ਜੁੱਡੂ ਕ੍ਰਿਸ਼ਨਾਮੂਰਥੀ ਤੇ ਰਜਨੀਸ਼ ਬਾਰੇ ਚਰਚੇ ਚੱਲਦੇ ਰਹਿੰਦੇ। ‘ਦੇਸ ਪੰਜਾਬ’ ਵਾਲੇ ਹਰਚਰਨ ਸਿੰਘ ਵੀ ਜਲੰਧਰ ਦੇ ਇਸ ਟਿਕਾਣੇ ਬਾਰੇ ਜਾਣਦੇ ਸਨ। ਜ਼ਹਾਨਤ ਵਾਲੇ ਉਹ ਪੱਤਰਕਾਰ ਇਹੋ ਜਿਹੇ ਸਨ, ਜਿਨ੍ਹਾਂ ਦੇ ਮਿੱਤਰ ਜਨਾਬ ਕਾਰਦਾਰ ਵਰਗੇ ਬਰੀਕ ਸਮਝ ਵਾਲੇ ਨਾਮਵਰ ਫ਼ਿਲਮਕਾਰ ਵੀ ਸਨ। ਇਕ ਵਾਰ ਕੁਝ ਲੋਕ ‘ਸ਼ਾਯਦ’ ਤੇ ‘ਏਕ ਸੇਲਜ਼ਮੈਨ ਕੀ ਆਤਮਕਥਾ’ ਆਦਿ ਫਿਲਮਾਂ ਦੇ ਕਹਾਣੀ ਰਚੇਤਾ ਜੈ ਪ੍ਰਕਾਸ਼ ਚੌਕਸੇ ਨੂੰ ਇਥੇ ਲਿਆਉਣਾ ਚਾਹੁੰਦੇ ਸਨ ਪਰ ਗੱਲ ਵਿਚਾਲੇ ਰਹਿ ਗਈ ਸੀ। ਚੌਕਸੇ ਦੋ ਦਹਾਕਿਆਂ ਤੋਂ ਅਖ਼ਬਾਰ ਗਰੁੱਪ ਭਾਸਕਰ ਲਈ ‘ਪਰਦੇ ਕੇ ਪੀਛੇ’ ਨਾਂ ਹੇਠ ਕਾਲਮਨਿਗ਼ਾਰੀ ਕਰ ਰਹੇ ਹਨ ਤੇ ਅੰਤਹੀਣ ਜਾਣਕਾਰੀਆਂ ਦੇ ਮਾਲਕ ਹਨ। ਫਿਲਮਾਂ ਦੇ ਬਹਾਨੇ ਫ਼ਲਸਫ਼ੇ ਦੀਆਂ ਬਾਤਾਂ ਪਾਉਂਦੇ ਰਹਿੰਦੇ ਹਨ।

(5)

ਕੌਫ਼ੀ ਹਾਊਸ ਦਾ ਮਤਲਬ ਕੱਤਈ ਤੌਰ ‘ਤੇ ਇਹ ਨਹੀਂ ਕਿ ਉਥੇ ਸਿਰਫ ਕੌਫ਼ੀ ਪੀਣੀ ਹੁੰਦੀ ਸੀ, ਇਹਦੇ ਲਈ ਤਾਂ ਕੈਫ਼ੇ ਕੌਫ਼ੀ ਡੇਅ ਵੀ ਹੈਗਾ ਐ। ਦਰਅਸਲ ਪੈਰਿਸ (ਫਰਾਂਸ) ਦੇ ਕੌਫ਼ੀ ਹਾਊਸ ਵਾਂਗ ਏਥੇ ਵੀ ਗੱਪਸ਼ੱਪ ਤੋਂ ਇਲਾਵਾ ਬੌਧਿਕ ਬਹਿਸਾਂ ਤੇ ਸਮਕਾਲੀਨ ਸਿਆਸੀ ਸੂਰਤੇਹਾਲ ਵਿਚਾਰਣ ਤੋਂ ਇਲਾਵਾ ਸਾਹਿਤਕ ਸਰੋਕਾਰਾਂ ਤੇ ਵਾਕਿਆਤੀ ਖ਼ਬਰਾਂ ਬਾਰੇ ਡੂੰਘੀ ਗੱਲਬਾਤ ਚੱਲਦੀ ਰਹਿੰਦੀ ਸੀ। ਉਹ ਇਲੈਕਟ੍ਰੀਸ਼ਨ ਜਿਹੜਾ ਹੁਣ ਪ੍ਰੈੱਸ ਕਲੱਬ ਦੇ ਬੀਅਰ ਕਾਉਂਟਰ ‘ਤੇ ਵੀ ਤਾਇਨਾਤ ਹੈ, ਅੱਜਕਲ੍ਹ ਦੇ ਪੱਤਰਕਾਰਾਂ ਤੇ ਖ਼ਾਸਕਰ ਨਵਿਆਂ ਦੇ ਰੰਗ-ਢੰਗ ਦੇਖਦਾ ਰਹਿੰਦਾ ਹੈ। ਉਹ ਆਪਣੇ ਲਫ਼ਜ਼ਾਂ ਵਿਚ ਇਹ ਦੱਸ ਤਾਂ ਨਹੀਂ ਸਕਦਾ ਕਿ ਨਵਿਆਂ ਤੇ ਟਕਸਾਲੀ ਪੱਤਰਕਾਰਾਂ, ਲਿਖਾਰੀਆਂ ਦੀ ਸ਼ਖ਼ਸੀਅਤ ਕਿਹੋ ਜਿਹੇ ਸੂਖਮ ਫ਼ਰਕ ਸਨ ਪਰ ਕੁਝ ਅਣਕਹੇ ਅਲ਼ਫ਼ਾਜ਼ ਉਸ ਦੇ ਜ਼ਿਹਨ ਵਿਚ ਰੁਕੇ ਹੋਏ ਹਨ। ਹੁਣ ਬਹਿਸਾਂ ਕਰਨੀਆਂ, ਵਿਚਾਰ ਵਟਾਂਦਰਾ ਕਰਨਾ ‘ਜ਼ਿਆਦਾ ਬੋਲਣ ਦੇ ਬਰਾਬਰ’ ਮੰਨ ਲਿਆ ਗਿਆ ਕਿ ਇਕ ਸਮਾਜਕ ਜੁਰਮ ਹੈ। ਇਸ਼ਤਿਹਾਰੀ ਪਾਰਟੀਆਂ ਨਾਲ ਸੰਪਰਕ ਜੋੜਣ ਵਿਚ ਲੱਗੇ ਨਵਿਆਂ ਦੀ ਮਹਿਫ਼ਿਲ ਵਿਚ ਕੌਫ਼ੀ ਹਾਊਸ ਦਾ ਜ਼ਿਕਰ ਕਰਨਾ ਵੀ ਕੁਥਾਂ ਹੁੰਦਾ ਹੈ, ਨਵੇਂ ਬੰਦੇ ‘ਬੀਤੇ ਦੀ ਪੂਛ ‘ਤੇ ਕੰਘੀ ਨਹੀਂ ਫੇਰਣੀ’ ਚਾਹੁੰਦੇ, ਜੋ ਬੀਤ ਗਿਆ, ਸੋ ਬੀਤ ਗਿਆ!!!

(6)

ਕੌਫ਼ੀ ਹਾਊਸ ਚਾਹੁੰਦਾ ਹੈ ਕਿ ਉਹਦਾ ਜ਼ਿਕਰ ਹੁੰਦਾ ਰਹੇ, ਜਦੋਂ ਤਰਸੇਮ ਸਿੰਘ ਪੁਰੇਵਾਲ ਇਕ ਅਖ਼ਬਾਰ ਵਿਚ ਕੰਮ ਛੱਡ ਕੇ ਸਾਊਥਾਲ (ਇੰਗਲੈਂਡ) ਗਿਆ ਤਾਂ ਉੱਥੇ ਪੰਜਾਬੀਆਂ ਦੇ ਮਸ਼ਹੂਰ ਸ਼ਰਾਬਖ਼ਾਨੇ ‘ਗਲਾਸੀ ਜੰਕਸ਼ਨ’ ਦੇ ਬਗਲ ਵਿਚ ਉਸ ਨੇ ‘ਦੇਸ ਪ੍ਰਦੇਸ’ ਅਖ਼ਬਾਰ ਦਾ ਦਫ਼ਤਰ ਕਾਇਮ ਕਰ ਦਿੱਤਾ ਸੀ, ਬਹੁਤ ਸਾਰੇ ਪੰਜਾਬੀਆਂ ਦੇ ਸਾਂਝੇ ਹੰਭਲੇ ਸਦਕਾ ਉਸ ਦਾ ਅਖ਼ਬਾਰ ਚੱਲ ਨਿਕਲਿਆ, ਉਹ ਕਦੇ ਕਦੇ ਲੰਡਨ ਦੀਆਂ ਮਹਿਫ਼ਿਲਾਂ ਵਿਚ ਜਲੰਧਰ ਦੇ ਕੌਫ਼ੀ ਹਾਊਸ ਦਾ ਜ਼ਿਕਰ ਕਰਦਾ ਸੀ ਪਰ ਸੁਣਨ ਵਾਲਿਆਂ ਨੂੰ ਕਦੇ ਯਕੀਨ ਨਹੀਂ ਆਉਂਦਾ ਸੀ ਕਿ ਇਹੋ ਜਿਹਾ ਕਿਹੜਾ ਕੌਫ਼ੀ ਹਾਊਸ ਬਣ ਗਿਐ, ਜਿੱਥੇ ਦਾਨਿਸ਼ਵਰ ਕਿਸਮ ਦੇ ਲਿਖਾਰੀ ਤੇ ਪੱਤਰਕਾਰ ਆਣ ਬਹਿੰਦੇ ਨੇ। ਦਰਅਸਲ, ਪੰਜਾਬੀਆਂ ਨੂੰ ਤਾਂ ਆਪਣੇ ਦੋਆਬੇ, ਮਾਝੇ ਤੇ ਮਾਲਵੇ ਵਿਚ ਹੋਏ/ਵਾਪਰੇ ਦੀ ਖ਼ਬਰ ਚਾਹੀਦੀ ਸੀ, ਕਿਤਾਬ ਸੱਭਿਆਚਾਰ ਤੇ ਦਾਨਿਸ਼ਵਰੀ ਨਾਲ ਉਨ੍ਹਾਂ ਕਦੇ ਲਗਾਅ ਕੀਤਾ ਹੀ ਨਹੀਂ ਹੈ। ਕੌਫ਼ੀ ਹਾਊਸ, ਸਿਰਫ਼ ਕੌਫੀਖ਼ਾਨਾ ਨਹੀਂ ਸੀ, ਇਹ ਜ਼ਿੰਦਾ ਅਧਿਐਨਸ਼ਾਲਾ ਸੀ, ਇਹ ਜ਼ਿੰਦਾ ਲੋਕਾਂ ਦਾ ਮਰਕਜ਼ ਸੀ, ਕਾਸ਼! ਪੰਜਾਬੀ ਅਦੀਬ ਕੌਫ਼ੀਖ਼ਾਨੇ ਅਬਾਦ ਕਰਨ ਵਿਚ ਯਕੀਨ ਰੱਖਦੇ ਹੁੰਦੇ।
ਅਸਲ ਵਿਚ ਸਾਨੂੰ ਇਤਿਹਾਸ ਰਚਣ ਤੇ ਇਤਿਹਾਸਕ ਅਹਿਮੀਅਤ ਵਾਲੇ ਕੇਂਦਰ ਸੰਭਾਲਣ ਦਾ ਕੋਈ ਲਗਾਅ ਨਹੀਂ ਹੈ। ਹਾਲਾਂਕਿ ਪਾਸ਼ ਨੂੰ ‘ਦੇਸ ਪ੍ਰਦੇਸ’ ਦੀ ਪੱਤਰ ਪ੍ਰੇਰਕੀ ਵੀ ਰਾਸ ਨਹੀਂ ਆਈ ਸੀ, ਇਹ ਇਕ ਵੱਖਰੀ ਭਾਂਤ ਦੀ ਗੱਲ ਹੈ। ਕੌਫ਼ੀ ਹਾਊਸ ਮੀਡੀਆ ਦੀ ਰਾਜਧਾਨੀ ਵਿਚ ਤਾਂ ਹੋਣਾ ਹੀ ਚਾਹੀਦੈ ਕਿਉਂਕਿ ਇਹਦੇ ਤੋਂ ‘ਗੌਸਿਪ ਹਾਊਸ’ ਦਾ ਕੰਮ ਲੈਣਾ ਪੈ ਜਾਂਦੈ।

 

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਰੋਡ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ – 94 653 29 617

Related posts

ਚੀਨ ਨੇ ਫਿਰ ਕੀਤੀ ਕੋਸ਼ਿਸ਼, LAC ਆ ਰਹੇ ਚੀਨੀ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਸੈਨਾ ਨੇ ਰੋਕਿਆ

On Punjab

ਉੱਤਰੀ ਕਸ਼ਮੀਰ ‘ਚ LOC ਨੇੜੇ ਬਰਫ਼ ਦੇ ਤੋਦਿਆਂ ਹੇਠ ਦੱਬੇ ਤਿੰਨ ਜਵਾਨ

On Punjab

ਭਾਰਤ ਦਾ ਚੀਨ ਨੂੰ ਦੋ-ਟੁੱਕ ਜਵਾਬ, ਹੁਣ ਚੀਨੀ ਫੌਜ ਦੇ ਐਕਸ਼ਨ ‘ਤੇ ਨਜ਼ਰ

On Punjab