Ace shooter writes letter: ਨਿਰਭਿਆ ਜਬਰ-ਜਨਾਹ ਦੇ ਚਾਰੋਂ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ । ਇਸੇ ਦੇ ਚੱਲਦਿਆਂ ਅੰਤਰਰਾਸ਼ਟਰੀ ਮਹਿਲਾ ਨਿਸ਼ਾਨੇਬਾਜ਼ ਵਰਤੀਕਾ ਸਿੰਘ ਵੱਲੋਂ ਗ੍ਰਹਿ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਕੇ ਇੱਕ ਮੰਗ ਕੀਤੀ ਗਈ ਹੈ । ਜਿਸ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਨਿਰਭਿਆ ਦੇ ਦੋਸ਼ੀਆਂ ਨੂੰ ਇੱਕ ਮਹਿਲਾ ਦੇ ਹੱਥੋਂ ਫਾਂਸੀ ਦੇਣ ਦੀ ਮੰਗ ਕੀਤੀ ਹੈ । ਵਰਤੀਕਾ ਸਿੰਘ ਨੇ ਕਿਹਾ ਕਿ ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਮੇਰੇ ਹੱਥ ਨਾਲ ਫਾਂਸੀ ਦੇਣੀ ਚਾਹੀਦੀ ਹੈ । ਜਿਸ ਨਾਲ ਦੇਸ਼ ਭਰ ਵਿੱਚ ਸੁਨੇਹਾ ਜਾਵੇਗਾ ਕਿ ਇੱਕ ਔਰਤ ਵੀ ਫਾਂਸੀ ਦੇ ਸਕਦੀ ਹੈ । ਉਸਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਮਹਿਲਾ ਅਭਿਨੇਤਰੀ, ਸਾਂਸਦ ਉਸਦਾ ਸਮਰਥਨ ਕਰਨ ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਨਿਰਭਿਆ ਦੇ ਦੋਸ਼ੀਆਂ ਦੇ ਡੈਥ ਵਾਰੰਟ ਨੂੰ ਲੈ ਕੇ ਸੁਣਵਾਈ ਬੀਤੇ ਸ਼ੁੱਕਰਵਾਰ ਨੂੰ ਟਾਲ ਦਿੱਤੀ ਗਈ । ਇਸ ਮਾਮਲੇ ਵਿੱਚ ਅਦਾਲਤ ਨੇ ਤਰਕ ਦਿੱਤਾ ਸੀ ਕਿ ਹਾਲੇ ਵੀ ਇਸ ਮਾਮਲੇ ਦੇ ਇੱਕ ਦੋਸ਼ੀ ਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਤੇ ਉਸ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਹੀ ਡੈਥ ਵਾਰੰਟ ‘ਤੇ ਸੁਣਵਾਈ ਹੋਵੇਗੀ ।
ਸੁਪਰੀਮ ਕੋਰਟ ਵਿੱਚ ਨਿਰਭਿਆ ਕੇਸ ਦੇ ਦੋਸ਼ੀ ਅਕਸ਼ੈ ਕੁਮਾਰ ਦੀ ਮੁੜ ਵਿਚਾਰ ਪਟੀਸ਼ਨ ‘ਤੇ 17 ਦਸੰਬਰ ਨੂੰ ਸੁਣਵਾਈ ਹੋਣੀ ਹੈ । ਦੱਸ ਦੇਈਏ ਕਿ 16 ਦਸੰਬਰ 2012 ਨੂੰ ਚਲਦੀ ਬੱਸ ਵਿੱਚ ਨਿਰਭਿਆ ਨਾਲ ਬਲਾਤਕਾਰ ਕੀਤਾ ਗਿਆ ਸੀ । ਇਸ ਰੂਹ ਕੰਬਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ।
ਜਿਸ ਤੋਂ ਬਾਅਦ ਲੋਕ ਸੜਕਾਂ ‘ਤੇ ਉਤਰ ਆਏ ਅਤੇ ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ । ਇਸ ਕੇਸ ਵਿੱਚ ਛੇ ਮੁਲਜ਼ਮ ਸਨ । ਇਕ ਦੋਸ਼ੀ ਨੇ ਜੇਲ੍ਹ ਦੇ ਅੰਦਰ ਹੀ ਖ਼ੁਦਕੁਸ਼ੀ ਕਰ ਲਈ, ਜਦਕਿ ਇੱਕ ਨਾਬਾਲਗ਼ ਸੀ । ਇਸ ਸਮੇਂ ਚਾਰੋਂ ਦੋਸ਼ੀ ਤਿਹਾੜ ਜੇਲ੍ਹ ਵਿੱਚ ਬੰਦ ਹਨ ਅਤੇ ਇਨ੍ਹਾਂ ਨੂੰ ਇਸੇ ਮਹੀਨੇ ਫਾਂਸੀ ਦਿੱਤੀ ਜਾ ਸਕਦੀ ਹੈ ।