PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੌਮੀ ਸਿੱਖਿਆ ਨੀਤੀ ਕਾਰਨ ਤਾਮਿਲਨਾਡੂ ’ਚ ਫਿਰ ਭੜਕਿਆ ਹਿੰਦੀ ਵਿਰੋਧ, ਮੁੱਖ ਮੰਤਰੀ ਸਟਾਲਿਨ ਹੋਏ ਲੋਹੇ-ਲਾਖੇ

ਚੇਨਈ-ਕੇਂਦਰ ਵੱਲੋਂ ਕਥਿਤ ਤੌਰ ’ਤ ਹਿੰਦੀ ਥੋਪਣ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ (Tamil Nadu Chief Minister M K Stalin) ਨੇ ਵੀਰਵਾਰ ਨੂੰ ਇੱਕ ਵਾਰ ਫਿਰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਹਿੰਦੀ ਨੂੰ ‘ਥੋਪਣ’ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਤਾਮਿਲਨਾਡੂ ਵਿਚ ਤਾਮਿਲ ਭਾਸ਼ਾ ਤੇ ਸੱਭਿਆਚਾਰ ਰਾਖੀ ਕਰਨ ਦੀ ਸਹੁੰ ਖਾਧੀ।

ਹਾਕਮ ਪਾਰਟੀ ਡੀਐਮਕੇ ਦੇ ਵਰਕਰਾਂ ਨੂੰ ਲਿਖੇ ਇੱਕ ਪੱਤਰ ਵਿੱਚ ਸਟਾਲਿਨ ਨੇ ਕਿਹਾ, “ਹਿੰਦੀ ਥੋਪਣ ਦਾ ਵਿਰੋਧ ਕੀਤਾ ਜਾਵੇਗਾ। ਹਿੰਦੀ ਮੁਖੌਟਾ ਹੈ, ਸੰਸਕ੍ਰਿਤ ਲੁਕਿਆ ਹੋਇਆ ਚਿਹਰਾ ਹੈ।”

ਗ਼ੌਰਤਲਬ ਹੈ ਕਿ ਹਾਕਮ ਪਾਰਟੀ ਡੀਐਮਕੇ ਨੇ ਕੇਂਦਰ ਉਤੇ ਦੋਸ਼ ਲਾਇਆ ਹੈ ਕਿ ਕੌਮੀ ਸਿੱਖਿਆ ਨੀਤੀ (NEP) ਤਹਿਤ 3-ਭਾਸ਼ਾਈ ਫਾਰਮੂਲੇ ਰਾਹੀਂ ਕੇਂਦਰ ਵੱਲੋਂ ਸੂਬੇ ਉਤੇ ਹਿੰਦੀ ਥੋਪੀ ਜਾ ਰਹੀ ਹੈ। ਉਂਝ ਕੇਂਦਰ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।

ਪੱਤਰ ਵਿੱਚ ਸਟਾਲਿਨ ਨੇ ਦਾਅਵਾ ਕੀਤਾ ਕਿ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਉੱਤਰੀ ਭਾਰਤੀ ਭਾਸ਼ਾਵਾਂ ਜਿਵੇਂ ਕਿ ਮੈਥਿਲੀ, ਬ੍ਰਜਭਾਸ਼ਾ, ਬੁੰਦੇਲਖੰਡੀ ਅਤੇ ਅਵਧੀ ਨੂੰ “ਗਲਬਾਕਾਰੀ ਹਿੰਦੀ ਵੱਲੋਂ ਤਬਾਹ ਕਰ ਦਿੱਤਾ ਗਿਆ ਹੈ।’’

ਸੱਤਾਧਾਰੀ ਡੀਐਮਕੇ ਮੁਖੀ ਸਟਾਲਿਨ ਨੇ ਦੋਸ਼ ਲਾਇਆ ਕਿ “25 ਤੋਂ ਵੱਧ ਉੱਤਰ ਭਾਰਤੀ ਮੂਲ ਭਾਸ਼ਾਵਾਂ ਨੂੰ ਹਿੰਦੀ-ਸੰਸਕ੍ਰਿਤ ਭਾਸ਼ਾਵਾਂ ਦੇ ਹਮਲੇ ਰਾਹੀਂ ਤਬਾਹ ਕਰ ਦਿੱਤਾ ਗਿਆ ਹੈ। ਸਦੀ ਪੁਰਾਣੀ ਦ੍ਰਾਵਿੜ ਲਹਿਰ ਨੇ ਤਾਮਿਲ ਅਤੇ ਇਸ ਦੇ ਸੱਭਿਆਚਾਰ ਦੀ ਰਾਖੀ ਕੀਤੀ ਕਿਉਂਕਿ ਇਸ ਨੇ ਜਾਗਰੂਕਤਾ ਪੈਦਾ ਕੀਤੀ ਅਤੇ ਵੱਖ-ਵੱਖ ਅੰਦੋਲਨਾ ਚਲਾਏ।’’

ਉਨ੍ਹਾਂ ਕਿਹਾ ਕਿ ਤਾਮਿਲਨਾਡੂ ਵੱਲੋਂ NEP ਦਾ ਵਿਰੋਧ ਇਸੇ ਕਾਰਨ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਵੱਲੋਂ ਸਿੱਖਿਆ ਨੀਤੀ ਰਾਹੀਂ ਹਿੰਦੀ ਅਤੇ ਸੰਸਕ੍ਰਿਤ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਭਾਜਪਾ ਦੇ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਕਿ ਐਨਈਪੀ ਤਹਿਤ ਤੀਜੀ ਭਾਸ਼ਾ ਵਿਦੇਸ਼ੀ ਵੀ ਹੋ ਸਕਦੀ ਹੈ। ਸਟਾਲਿਨ ਨੇ ਦਾਅਵਾ ਕੀਤਾ ਕਿ 3-ਭਾਸ਼ਾਈ ਫਾਰਮੂਲੇ ਤਹਿਤ “ਕਈ ਰਾਜਾਂ ਵਿੱਚ ਸਿਰਫ਼ ਸੰਸਕ੍ਰਿਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਰਾਜਸਥਾਨ ਵਿਚ ਉਰਦੂ ਇੰਸਟ੍ਰਕਟਰਾਂ ਦੀ ਬਜਾਏ ਸੰਸਕ੍ਰਿਤ ਅਧਿਆਪਕਾਂ ਦੀ ਨਿਯੁਕਤੀ ਹੋ ਰਹੀ ਹੈ।

Related posts

ਅਮਰੀਕਾ ਨੇ ਕਿਹਾ, ਉੱਤਰੀ ਕੋਰੀਆ ਨਾਲ ਨਹੀਂ ਕੋਈ ਦੁਸ਼ਮਣੀ, ਹਾਂ-ਪੱਖੀ ਪ੍ਰਤੀਕਿਰਿਆ ਦੀ ਉਡੀਕ

On Punjab

ਸਮਝੌਤਾ ਐਕਸਪ੍ਰੈੱਸ ਪੂਰੀ ਤਰ੍ਹਾਂ ਬੰਦ, ਅਟਾਰੀ ਰੇਲਵੇ ਸਟੇਸ਼ਨ ‘ਤੇ ਪੱਸਰੀ ਸੁੰਞ

On Punjab

ਚੀਨ ਦੇ ਬੈਲਿਸਟਿਕ ਮਿਜ਼ਾਈਲਾਂ ਦਾਗ ਕੇ ਵਧਾਈ ਅਮਰੀਕਾ ਦੀ ਚਿੰਤਾ

On Punjab