ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਸਿੰਘ ਤੇ ਉਸ ਦੀ ਪਤਨੀ ਆਕਾਂਕਸ਼ਾ ਸ਼ਰਮਾ ਦੇ ਮਾਮਲੇ ਵਿੱਚ ਦੋਵੇਂ ਧਿਰਾਂ ਵੱਲੋਂ ਜਸਟਿਸ ਵਰੁਣ ਨਾਗਪਾਲ ਦੀ ਅਦਾਲਤ ਵਿੱਚ ਸਮਝੌਤੇ ਲਈ ਇੱਕ ਡੀਡ ਪੇਸ਼ ਕਰ ਦਿੱਤੀ ਗਈ ਹੈ।
ਇਸ ਤਰ੍ਹਾਂ ਦੋਵੇਂ ਧਿਰਾਂ ਨੇ ਇੱਕ–ਦੂਜੇ ਉੱਤੇ ਦਾਇਰ ਕੇਸ ਵਾਪਸ ਲੈਣ ਦੀਆਂ ਸ਼ਰਤਾਂ ਉੱਤੇ 48 ਲੱਖ ਰੁਪਏ ਵਿੱਚ ਸਮਝੌਤਾ ਹੋ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਵੱਲੋਂ ਫ਼ੈਸਲਾ 23 ਅਗਸਤ ਨੂੰ ਸੁਣਾਇਆ ਜਾਵੇਗਾ।
ਇੱਥੇ ਵਰਨਣਯੋਗ ਹੈ ਕਿ ਪੰਜ ਸਾਲ ਤੋਂ ਇਹ ਮਾਮਲਾ ਚੱਲ ਰਿਹਾ ਹੈ। ਇਸ ਕੇਸ ਵਿੱਚ ਯੁਵਰਾਜ ਦੀ ਮਾਂ ਸ਼ਬਨਮ ਵਿਰੁੱਧ ਵੀ ਆਕਾਂਕਸ਼ਾ ਸ਼ਰਮਾ ਨੇ ਕੇਸ ਦਾਇਰ ਕੀਤਾ ਹੋਇਆ ਹੈ। ਯੁਵਰਾਜ ਸਿੰਘ ਦੀ ਮਾਂ ਨੇ ਵੀ ਆਕਾਂਕਸ਼ਾ ਸ਼ਰਮਾ ਉੱਤੇ ਅਪਰਾਧਕ ਮਾਨਹਾਨੀ ਦੇ ਦੋ ਵੱਖੋ–ਵੱਖਰੇ ਮਾਮਲੇ ਦਾਇਰ ਕੀਤੇ ਸਨ।
ਪਹਿਲੇ ਮਾਮਲੇ ਵਿੱਚ ਯੁਵਰਾਜ ਦੀ ਮਾਂ ਸ਼ਬਨਮ ਨੇ ਆਕਾਂਕਸ਼ਾ ਸ਼ਰਮਾ ਉੱਤੇ ਰੀਐਲਿਟੀ ਟੀਵੀ ਸ਼ੋਅ ਬਿੱਗ ਬੌਸ ਵਿਚ ਜਾਣਬੁੱਝ ਕੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਸੀ ਤੇ ਤਦ ਸ੍ਰੀਮਤੀ ਸ਼ਬਨਮ ਨੇ ਦੋ ਕਰੋੜ ਰੁਪਏ ਦੀ ਮਾਨਹਾਨੀ ਦਾ ਵੀ ਕੇਸ ਉਸ ਵਿਰੁੱਧ ਦਾਇਰ ਕਰ ਦਿੱਤਾ ਸੀ।
ਇੱਥੇ ਵਰਨਣਯੋਗ ਹੈ ਕਿ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਸਿੰਘ ਤੇ ਆਕਾਂਕਸ਼ਾ ਸ਼ਰਮਾ ਦਾ ਵਿਆਹ ਸਾਲ 2014 ਦੌਰਾਨ ਹੋਇਆ ਸੀ ਤੇ ਬਾਅਦ ’ਚ ਦੋਵੇਂ ਵੱਖ ਹੋ ਗਏ ਸਨ। ਮਈ 2015 ’ਚ ਜ਼ੋਰਾਵਰ ਸਿੰਘ ਤਲਾਕ ਲਈ ਅਰਜ਼ੀ ਦਾਇਰ ਕਰ ਦਿੱਤੀ ਸੀ ਤੇ ਉਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।