ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਖੁਲਾਸਾ ਕੀਤਾ ਹੈ ਕਿ ਮੰਗਲਵਾਰ ਨੂੰ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਦਾਕਾਰਾ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਭਾਰਤ ਤੋਂ ਨਹੀਂ ਬਲਕਿ ਚੀਨ ਤੋਂ ਹੈਕ ਕੀਤਾ ਗਿਆ ਸੀ। ਕੰਗਨਾ ਰਣੌਤ ਨੂੰ ਇਹ ਗੱਲ ਉਦੋਂ ਪਤਾ ਲੱਗੀ ਜਦੋਂ ਉਨ੍ਹਾਂ ਨੂੰ ਪੋਸਟ ਸ਼ੇਅਰ ਕਰਨ ’ਚ ਪਰੇਸ਼ਾਨੀ ਹੋ ਰਹੀ ਸੀ। ਇਹ ਗੱਲ ਖ਼ੁਦ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਕਹੀ ਹੈ।
ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਸਮਾਜਕ-ਸਿਆਸੀ ਮੁੱਦਿਆਂ ’ਤੇ ਨਿਰਪੱਖ ਹੋ ਕੇ ਆਪਣੀ ਰਾਏ ਦਿੰਦੀ ਰਹਿੰਦੀ ਹੈ। ਕੰਗਨਾ ਰਣੌਤ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਸ਼ੇਅਰ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੰਗਨਾ ਰਣੌਤ ਅਨੁਸਾਰ ਉਨ੍ਹਾਂ ਨੂੰ ਇਗ ਗੱਲ ਉਨ੍ਹਾਂ ਦੀ ਸੋਸ਼ਲ ਮੀਡੀਆ ਟੀਮ ਨੇ ਦੱਸੀ ਹੈ।
ਅਦਾਕਾਰਾ ਨੇ ਆਪਣੇ ਪੋਸਟ ’ਚ ਲਿਖਿਆ, ‘ਬੀਤੀ ਰਾਤ ਮੈਨੂੰ ਇੰਸਟਾਗ੍ਰਾਮ ਵੱਲੋਂ ਅਲਰਟ ਆਇਆ ਕਿ ਚੀਨ ’ਚ ਕੋਈ ਮੇਰਾ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਅਲਰਟ ਅਚਾਨਕ ਹੀ ਗਾਇਬ ਹੋ ਗਿਆ ਤੇ ਮੈਂ ਤਾਲਿਬਾਨ ਦੇ ਬਾਰੇ ’ਚ ਜਿੰਨੀਆਂ ਵੀ ਸਟੋਰੀਆਂ ਪਾਈਆਂ ਸੀ ਉਹ ਸਭ ਵੀ ਗਾਇਬ ਹੋ ਗਈਆਂ। ਮੇਰਾ ਅਕਾਊਂਟ ਅਚਾਨਕ ਹੀ ਦਿਖਣਾ ਬੰਦ ਹੋ ਗਿਆ।
ਜਿਸ ਤੋਂ ਮੈਂ ਇੰਸਟਾਗ੍ਰਾਮ ਟੀਮ ਦੇ ਲੋਕਾਂ ਨੂੰ ਫੋਨ ਕੀਤਾ ਤੇ ਮੇਰਾ ਅਕਾਊਂਟ ਐਕਟਿਵ ਹੋਇਆ।’ਕੰਗਨਾ ਰਣੌਤ ਨੇ ਪੋਸਟ ’ਚ ਅੱਗੇ ਲਿਖਿਆ, ‘ਜਦੋਂ ਮੈਂ ਸਟੋਰੀ ਲਿਖਣ ਦੀ ਕੋਸ਼ਿਸ਼ ਕਰ ਰਹੀ ਸੀ, ਮੈਨੂੰ ਆਪਣਾ ਅਕਾਊਂਟ ਵਾਰ-ਵਾਰ ਬੰਦ ਕਰ ਕੇ ਦੋਬਾਰਾ ਸਟਾਰਟ ਕਰਨਾ ਪੈ ਰਿਹਾ ਸੀ। ਮੈਂ ਸਟੋਰੀ ਪਾਉਣ ਲਈ ਆਪਣੀ ਭੈਣ ਦਾ ਫੋਨ ਇਸਤੇਮਾਲ ਕਰ ਰਹੀ ਹਾਂ, ਕਿਉਂਕਿ ਉਸ ਦੇ ਮੋਬਾਈਲ ’ਚ ਵੀ ਮੇਰਾ ਅਕਾਊਂਟ ਖੁੱਲ੍ਹਿਆ ਹੈ। ਇਹ ਅੰਤਰਰਾਸ਼ਟਰੀ ਪੱਧਰ ’ਤੇ ਇਕ ਵੱਡੀ ਸਾਜਿਸ਼ ਹੈ। ਬਹੁਤ ਹੀ ਹੈਰਾਨ ਕਰਨ ਵਾਲਾ ਹੈ।’ ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਦਾ ਇਹ ਪੋਸਟ ਕਾਫੀ ਵਾਇਰਲ ਹੋ ਰਿਹਾ ਹੈ।