ਖ਼ਾਲਿਸਤਾਨੀ ਸਮਰਥਕ ਤੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਧਮਕੀ ਦੇਣ ਤੋਂ ਬਾਅਦ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਝੰਡਾ ਨਹੀਂ ਚੜ੍ਹਾਉਣ ਦੇਣਗੇ।
ਜ਼ਿਕਰਯੋਗ ਹੈ ਕਿ ਨੱਡਾ ਹਿਮਾਚਲ ਦੇ ਬਿਲਾਸਪੁਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਇਹ ਧਮਕੀ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੀ ਗਈ ਹੈ। ਇਸ ਸਬੰਧ ’ਚ ਸੂਬੇ ਦੇ ਕਈ ਪੱਤਰਕਾਰਾਂ ਨੂੰ ਅੰਤਰਰਾਸ਼ਟਰੀ ਕਾਲ ਆਈ। ਇਸ ਵਿਚ ਰਿਕਾਰਡ ਸੰਦੇਸ਼ ’ਚ ਕਿਹਾ ਗਿਆ ਹੈ ਕਿ ਅੰਦੋਲਨ ਦੇ ਕਾਰਨ ਕਿਸਾਨਾਂ ਦੀ ਮੌਤ ਲਈ ਨੱਡਾ ਜ਼ਿੰਮੇਵਾਰ ਹਨ ਕਿਉਂਕਿ ਉਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਹਨ। ਬਾਵਜੂਦ ਇਸ ਦੇ ਕਿਸਾਨਾਂ ਦੇ ਹਿੱਤਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਇਸ ਤੋਂ ਪਹਿਲਾਂ ਪੁਲਿਸ ਨੇ ਸਿੱਖਸ ਫਾਰ ਜਸਟਿਸ ਦੇ ਮੈਂਬਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ‘ਤੇ ਹੋਰ ਦੋਸ਼ਾਂ ਦਾ ਕੇਸ ਦਰਜ ਕੀਤਾ ਹੈ। ਉਸ ਖ਼ਿਲਾਫ਼ ਇਹ ਕਾਰਵਾਈ ਉਸ ਵੱਲੋਂ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਦਿੱਤੀ ਧਮਕੀ ’ਤੇ ਕੀਤੀ ਗਈ ਜਿਸ ਵਿਚ ਉਸ ਨੇ ਉਨ੍ਹਾਂ ਨੂੰ ਰਾਸ਼ਟਰੀ ਝੰਡਾ ਨਾ ਲਹਿਰਾਉਣ ਲਈ ਕਿਹਾ ਸੀ। ਉਸ ਨੇ ਇਹ ਧਮਕੀ ਰਿਕਾਰਡਿਡ ਫੋਨ ਕਾਲ ਜ਼ਰੀਏ ਦਿੱਤੀ ਸੀ। ਉਸ ਖ਼ਿਲਾਫ਼ ਕੇਸ ਰਿਕਾਰਡਿਡ ਕਾਲਾਂ ਦੇ ਆਧਾਰ ’ਤੇ ਹੀ ਦਰਜ ਕੀਤਾ ਗਿਆ ਹੈ।