ਖਾਲਿਸਤਾਨ ਸਮਰਥਕ ਲਖਬੀਰ ਸਿੰਘ ਰੋਡੇ (Lakhbir Singh Rode) ਦੀ ਪਾਕਿਸਤਾਨ ‘ਚ ਮੌਤ ਹੋ ਗਈ ਹੈ। ਲਖਬੀਰ ਸਿੰਘ ਰੋਡੇ 72 ਸਾਲ ਦਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਰੋਡੇ ਦੀ 2 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਪਰ ਪਾਕਿਸਤਾਨ ਨੇ ਉਸ ਦੀ ਮੌਤ ਦੀ ਖਬਰ ਨਸ਼ਰ ਨਹੀਂ ਕੀਤੀ।
ਦੱਸ ਦਈਏ ਕਿ ਲਖਬੀਰ ਸਿੰਘ ਰੋਡੇ ਭਾਰਤ ‘ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਤੇ ਪਾਕਿਸਤਾਨ ਤੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਨੂੰ ਸੰਚਾਲਿਤ ਕਰ ਰਿਹਾ ਸੀ। ਲਖਬੀਰ ਰੋਡੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਭਤੀਜਾ ਹੈ ਤੇ ਉਸ ਦਾ ਪਰਿਵਾਰ ਕੈਨੇਡਾ ‘ਚ ਰਹਿੰਦਾ ਹੈ।
UAPA ਤਹਿਤ ਐਲਾਨਿਆ ਸੀ ਅੱਤਵਾਦੀ
ਤੁਹਾਨੂੰ ਦੱਸ ਦੇਈਏ ਕਿ ਐੱਨਆਈਏ ਨੇ ਅਕਤੂਬਰ ਮਹੀਨੇ ਮੋਗਾ ‘ਚ ਛਾਪੇਮਾਰੀ ਤੋਂ ਬਾਅਦ ਖ਼ਾਲਿਸਤਾਨੀ ਸਮਰਥਕ ਲਖਬੀਰ ਸਿੰਘ ਰੋਡੇ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਸਨ। ਰੋਡੇ RDX ਹਥਿਆਰਾਂ ਤੇ ਵਿਸਫੋਟਕਾਂ ਦੀ ਤਸਕਰੀ, ਨਵੀਂ ਦਿੱਲੀ ‘ਚ ਸਰਕਾਰੀ ਨੇਤਾਵਾਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਤੇ ਪੰਜਾਬ ਵਿੱਚ ਨਫ਼ਰਤ ਫੈਲਾਉਣ ਸਮੇਤ ਕਈ ਮਾਮਲਿਆਂ ‘ਚ ਭਾਰਤ ਸਰਕਾਰ ਨੂੰ ਲੋੜੀਂਦਾ ਸੀ। ਲਖਬੀਰ ਸਿੰਘ ਨੂੰ ਯੂਏਪੀਏ ਐਕਟ ਤਹਿਤ ‘ਅੱਤਵਾਦੀ’ ਕਰਾਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਪਾਕਿਸਤਾਨ ਭੱਜ ਗਿਆ ਸੀ।
ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦਾ ਸੀ ਸਾਜ਼ਿਸ਼ਘਾੜਾ
ਖਾਲਿਸਤਾਨੀ ਸਮਰਥਕ ਰੋਡੇ ‘ਤੇ 1985 ‘ਚ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦਾ ਵੀ ਦੋਸ਼ ਹੈ। ਉਸ ‘ਤੇ ਜੈੱਟ ਨੂੰ ਬੰਬ ਬਣਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।