ਦੁਨੀਆ ‘ਚ ਬਾਪ-ਬੇਟੀ ਦਾ ਰਿਸ਼ਤਾ ਸਭ ਤੋਂ ਪਿਆਰਾ ਮੰਨਿਆ ਜਾਂਦਾ ਹੈ। ਜਦੋਂ ਕੋਈ ਪਿਤਾ ਹੀ ਆਪਣੀ ਬੇਟੀ ਦੀ ਮੌਤ ਦੀ ਵਜ੍ਹਾ ਬਣ ਜਾਵੇ ਤਾਂ ਸੋਚੋ ਉਸ ਉੱਪਰ ਕੀ ਬੀਤੇਗੀ। ਅਸਲ ਵਿਚ ਇਕ 3 ਸਾਲ ਦੀ ਮਾਸੂਮ ਆਪਣੇ ਪਿਤਾ ਰੋਬਰਟ ਫੋਲੇ (Robert Foley) ਨਾਲ ਘਰ ਨੇੜੇ ਮੈਦਾਨ ‘ਚ ਖੇਡ ਰਹੀ ਸੀ। ਇਸ ਦੌਰਾਨ ਪਿਤਾ ਗ਼ਲਤੀ ਨਾਲ ਆਪਣੀ ਹੀ ਬੇਟੀ ਉੱਪਰ ਡਿੱਗ ਗਿਆ ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਇਹ ਘਟਨਾ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਨੇੜਲੇ ਇਕ ਸ਼ਹਿਰ ਦੀ ਹੈ। ਇਸ ਦੁਖਦ ਘਟਨਾ ਦੀ ਰਿਪੋਰਟ ‘ਚ ਸਾਹਮਣੇ ਆਇਆ ਕਿ ਬੱਚੀ ਨਾਲ ਖੇਡਣ ਦੌਰਾਨ ਪਿਤਾ ਦੇ ਉਸ ਦੇ ਉੱਪਰ ਡਿੱਗਣ ਤੋਂ ਬਾਅਦ ਬੱਚੀ ਨੂੰ ‘ਸਿਰ ਤੇ ਗਰਦਨ ‘ਚ ਗੰਭੀਰ ਸੱਟ ਲੱਗੀ। ਦਿਮਾਗ਼ ਤੇ ਰੀੜ੍ਹ ਦੀ ਹੱਡੀ ‘ਚ ਵੀ ਸੱਟ’ ਲੱਗ ਗਈ ਸੀ ਜਿਸ ਕਾਰਨ ਉਸ ਦੀ ਜਾਨ ਚਲੀ ਗਈ।
ਇਕ ਰਿਪੋਰਟ ਮੁਤਾਬਕ ਬਾਪ-ਬੇਟੀ ਸੁਪਰਨੋਵਾ ਨਾਲ ਖੇਡ ਰਹੇ ਸਨ। ਸੁਪਰਨੋਵਾ ਪਲੇਅ ਉਪਕਰਨ ਇਕ ਵੱਡੇ ਪਹੀਏ ਵਾਲੀ ਖੇਡ ਹੁੰਦੀ ਹੈ ਜੋ ਜ਼ਮੀਨ ਦੇ ਠੀਕ ਉੱਪਰ ਖੇਡੀ ਜਾਂਦੀ ਹੈ। ਇਸ ਵਿਚ ਹੱਥਾਂ ਦੀ ਵਰਤੋਂ ਕਰ ਕੇ ਜਾਂ ਦੌੜ ਕੇ ਉਸ ਨੂੰ ਘੁੰਮਾਇਆ ਜਾਂਦਾ ਹੈ। ਮਾਸੂਮ ਬੱਚੀ ਐਂਬਰਲੀ (Amberlie Pennington) ਰਿੰਗ ਦੇ ਸਭ ਤੋਂ ਹੇਠਲੇ ਹਿੱਸੇ ‘ਤੇ ਬੈਠੀ ਸੀ ਕਿਉਂਕਿ ਉਸ ਦੇ ਪਿਤਾ ਪਹੀਏ ਉੱਪਰ ਖੜ੍ਹੇ ਸਨ। ਉਨ੍ਹਾਂ ਉਸ ਨੂੰ ਸੱਜੇ ਤੇ ਫਿਰ ਖੱਬੇ ਲੈ ਜਾ ਕੇ, ਬੱਚੀ ਨੂੰ ਆਪਣੇ ਵੱਲ ਤੇ ਫਿਰ ਵਾਪਸ ਦੂਸਰੇ ਪਾਸੇ ਘੁੰਮਾਇਆ। ਪਰ ਮਿਸਟਰ ਫੋਲੇ ਸੰਤੁਲਨ ਗੁਆ ਬੈਠੇ ਤੇ ਜਿਉਂ ਹੀ ਉਨ੍ਹਾਂ ਪਹੀਏ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਘੁੰਮ ਗਿਆ ਜਿਸ ਨਾਲ ਉਹ ਆਪਣੀ ਧੀ ਉੱਪਰ ਆਣ ਡਿੱਗੇ।