ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ। ਜਿਸ ‘ਚ ਪਾਤਰ ਐਥਲੀਟਾਂ, ਕੋਚਾਂ, ਵਿਸ਼ਵ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਨੂੰ ਸਵੈ-ਨਾਮਜ਼ਦ ਤੇ ਕੋਵਿਡ-19 ਮਹਾਮਾਰੀ ਕਾਰਨ ਦੂਸਰੇ ਸਾਲ ਆਨਲਾਈਨ ਅਪਲਾਈ ਕਰਨ ਦੀ ਆਗਿਆ ਦਿੱਤੀ ਗਈ, ਜਿਸ ਦੀ ਅੰਤਿਮ ਤਰੀਕ 21 ਜੂਨ ਹੈ।
ਮੰਤਰਾਲੇ ਨੇ ਕਿਹਾ, ਮਹਾਮਾਰੀ ਕਾਰਨ ਪਿਛਲੇ ਸਾਲ ਖੇਡ ਮੰਤਰਾਲੇ ਨੇ ਪਹਿਲੀ ਵਾਰ ਬਿਨੇਕਾਰਾਂ ਦੇ ਸਵੈ-ਨਾਮਜ਼ਦਗੀ ਦੀ ਆਗਿਆ ਦਿੱਤੀ ਸੀ। ਇਸ ਸਾਲ ਵੀ ਖਿਡਾਰੀਆਂ ਨੂੰ ਖੁਦ ਨਾਮਜ਼ਦਗੀ ਦੀ ਆਗਿਆ ਹੋਵੇਗੀ। ਪਿਛਲੇ ਸਾਲ ਆਨਲਾਈਨ ਸਮਾਰੋਹ ‘ਚ 74 ਖਿਡਾਰੀਆਂ ਨੂੰ ਪੁਰਸਕਾਰ ਦਿੱਤੇ ਗਏ ਸੀ। ਉਸ ਦੌਰਾਨ ਪੁਰਸਕਾਰ ਰਾਸ਼ੀ ‘ਚ ਵੱਡਾ ਵਾਧਾ ਕਰਦੇ ਹੋਏ ਖੇਡ ਰਤਨ ਪੁਰਸਕਾਰ ਜੇਤੂਆਂ ਨੂੰ 25 ਲੱਖ ਰੁਪਏ, ਅਰਜੁਨ ਪੁਰਸਕਾਰ ਜੇਤੂਆਂ ਨੂੰ 15 ਲੱਖ ਰੁਪਏ, ਦ੍ਰੋਣਾਚਾਰਿਆ (ਲਾਈਫਟਾਈਮ) ਨੂੰ 15 ਲੱਖ ਰੁਪਏ ਤੇ ਧਿਆਨਚੰਦ ਪੁਰਸਕਾਰ ਜੇਤੂਆਂ ਨੂੰ 10 ਲੱਖ ਰੁਪਏ ਪੁਰਸਕਾਰ ਰਾਸ਼ੀ ਦੇ ਤੌਰ ‘ਤੇ ਦਿੱਤੇ ਗਏ ਸੀ।