ਸਵੇਰੇ-ਸ਼ਾਮ ਖੇਡ ਮੈਦਾਨਾਂ ਦੀ ਹਿੱਕ ’ਤੇ ਖ਼ੂਨ-ਪਸੀਨਾ ਵਹਾਉਣ ਵਾਲੇ ਖਿਡਾਰੀਆਂ ’ਚ ਇਹ ਵਰਤਾਰਾ ਪਤਾ ਨਹੀਂ ਕਿੱਥੋਂ ਪੈਦਾ ਹੋਇਆ ਕਿ ਇਕ ਤੋਂ ਇਕ ਦਰਸ਼ਨੀ ਨੌਜਵਾਨ ਖਿਡਾਰੀ ਗੈਂਗਸਟਰਾਂ ਦੇ ਜਾਲ ’ਚ ਫਸਦਾ ਹੋਇਆ ਮੌਤ ਨੂੰ ਗਲੇ ਲਾ ਰਿਹਾ ਹੈ ਜਾਂ ਰੂਪੋਸ਼ ਹੋਇਆ ਛੋਟੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਦਾ ਬਹੁਤਾ ਦੋਸ਼ ਸਰਕਾਰੀ ਸਿਸਟਮ ਸਿਰ ਮੜ੍ਹਿਆ ਜਾ ਸਕਦਾ ਹੈ। ਕੋਈ ਸਮਾਂ ਸੀ ਜਦੋਂ ਅਸ਼ਵਨੀ ਕੁਮਾਰ ਤੇ ਮਹਿਲ ਸਿੰਘ ਭੁੱਲਰ ਜਿਹੇ ਪੁਲਿਸ ਅਫ਼ਸਰਾਂ ਦੀ ਵਜ੍ਹਾ ਕਰਕੇ ਬੀਐੱਸਐੱਫ ਤੇ ਪੰਜਾਬ ਪੁਲਿਸ ਕੋਲ ਨਰੋਈਆਂ ਕੌਮੀ ਹਾਕੀ ਟੀਮਾਂ ਤੋਂ ਇਲਾਵਾ ਅਥਲੈਟਿਕਸ ਦੇ ਖਿਡਾਰੀਆਂ ਦਾ ਵੱਡਾ ਪੂਰ ਹੁੰਦਾ ਸੀ।
ਇਨ੍ਹਾਂ ਅਫ਼ਸਰਾਂ ਵੱਲੋਂ ਪੇਂਡੂ ਟੂਰਨਾਮੈਂਟਾਂ ਤੋਂ ਇਲਾਵਾ ਸਪੋਰਟਸ ਕਾਲਜ ਜਲੰਧਰ ਤੇ ਹੋਰ ਖੇਡ ਅਕਾਡਮੀਆਂ ਤੋਂ ਯੂਥ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ’ਚ ਚੰਗੇ ਅਹੁਦੇ ਦਿੱਤੇ ਜਾਂਦੇ ਸਨ ਪਰ ਹੁਣ ਖਿਡਾਰੀਆਂ ਦੀ ਜ਼ਿਆਦਾ ਪੁੱਛ ਨਾ ਹੋਣ ਕਾਰਨ ਉਹ ਗ਼ਲਤ ਰਾਹ ਅਖ਼ਤਿਆਰ ਕਰ ਲੈਂਦੇ ਹਨ। ਹਰਿਆਣਾ ਜਿਹੇ ਸੂਬਿਆਂ ’ਚ ਖਿਡਾਰੀਆਂ ਦਾ ਬਹੁਤ ਖ਼ਿਆਲ ਰੱਖਿਆ ਜਾਂਦਾ ਹੈ ਜਦਕਿ ਪੰਜਾਬ ਦੇ ਖਿਡਾਰੀਆਂ ਦੀ ਓਨੀ ਸੁਣਵਾਈ ਨਹੀਂ ਹੁੰਦੀ।ਲੱਖਾਂ-ਕਰੋੜਾਂ ’ਚ ਖੇਡ ਰਹੇ ਖਲੀ ਨੂੰ ਪੰਜਾਬ ਪੁਲਿਸ ’ਚ ਭਰਤੀ ਕਰਨ ਦਾ ਸਿਹਰਾ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਨੂੰ ਜਾਂਦਾ ਹੈ ਪਰ ਅੱਜ ਸਥਿਤੀ ਦਾ ਆਲਮ ਇਹ ਹੈ ਕਿ ਨਿਰਾਸ਼ਾ ਦੇ ਪਲ ਹੰਢਾਉਣ ਵਾਲੇ ਨੌਜਵਾਨ ਖਿਡਾਰੀ ਹੱਥ ਹਥਿਆਰ ਚੁੱਕੀ ਮਰਨ-ਮਾਰਨ ’ਤੇ ਤਾਰੂ ਹੋਏ ਪਏ ਹਨ। ਹਰਜਿੰਦਰ ਸਿੰਘ ਵਿੱਕੀ ਗੌਂਡਰ, ਸੰਪਤ ਨਹਿਰਾ, ਰਾਕੇਸ਼ ਮੋਖਰੀਆ, ਪ੍ਰੇਮਾ ਲਾਹੌਰੀਆ, ਸ਼ੇਰਾ ਖੁੱਬਣ, ਜਸਵਿੰਦਰ ਸਿੰਘ ਰੌਕੀ, ਰਾਜੇਸ਼ ਮਲਿਕ, ਸ਼ਨੀ ਦੇਵ ਉਰਫ਼ ਕੁੱਕੀ, ਜੈਪਾਲ ਸਿੰਘ ਭੁੱਲਰ ਤੇ ਜਸਵਿੰਦਰ ਸਿੰਘ ਜੱਸੀ ਦੇ ਨਾਂ ਜ਼ਿਕਰਯੋਗ ਹਨ।