ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਐਤਵਾਰ ਨੂੰ ਟਵਿੱਟਰ ‘ਤੇ ਲੋਕ ਸਭਾ ‘ਚ ਰਾਹੁਲ ਗਾਂਧੀ ਦੇ ਭਾਸ਼ਣ ਦਾ ਇਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਜਿਸ ‘ਚ ਉਹ ਕਿਸਾਨਾਂ ਨੂੰ ਵਿਚੋਲਿਆਂ ਤੋਂ ਛੁਟਕਾਰਾ ਦਿਵਾਉਣ ਤੇ ਆਪਣੀ ਉਪਜ ਨੂੰ ਸਿੱਧਾ ਉਦਯੋਗਾਂ ਨੂੰ ਵੇਚਣ ਦੀ ਵਕਾਲਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਨਵੇਂ ਕਾਨੂੰਨਾਂ ਖਿ਼ਲਾਫ਼ ਕਿਸਾਨਾਂ ਦੇ ਵਿਰੋਧ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ।
ਨੱਡਾ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਇਹ ਕੀ ਜਾਦੂ ਹੋ ਰਿਹਾ ਹੈ ਰਾਹੁਲ ਜੀ? ਪਹਿਲਾਂ ਤੁਸੀਂ ਜਿਸ ਚੀਜ਼ ਦੀ ਵਕਾਲਤ ਕਰ ਰਹੇ ਸੀ, ਹੁਣ ਉਸ ਦਾ ਵਿਰੋਧ ਕਰ ਰਹੇ ਹੋ। ਦੇਸ਼ ਹਿੱਤ, ਕਿਸਾਨ ਹਿੱਤ ਨਾਲ ਤੁਹਾਡਾ ਕੁਝ ਲੈਣਾ-ਦੇਣਾ ਨਹੀਂ ਹੈ। ਤੁਸੀਂ ਸਿਰਫ ਰਾਜਨੀਤੀ ਕਰਨੀ ਹੈ ਪਰ ਤੁਹਾਡਾ ਲਈ ਮੰਦਭਾਗਾ ਹੈ ਕਿ ਹੁਣ ਤੁਹਾਡਾ ਪਾਖੰਡ ਨਹੀਂ ਚੱਲੇਗਾ। ਦੇਸ਼ ਦੀ ਜਨਤਾ ਤੇ ਕਿਸਾਨ ਤੁਹਾਡਾ ਦੋਹਰਾ ਚਰਿੱਤਰ ਜਾਣ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਦਾ ਕਾਂਗਰਸ ਸਮਰਥਨ ਕਰ ਰਹੀ ਹੈ।