ਟੋਕੀਓ ਖੇਡਾਂ ਵਿਚ ਨਿੱਜੀ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਸਿਰਫ਼ ਦੂਜੇ ਭਾਰਤੀ ਬਣੇ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਤੇ ਮੈਡਲ ਜੇਤੂ ਭਲਵਾਨ ਰਵੀ ਦਹੀਆ ਦੇ ਨਾਂ ਦੀ ਸਿਫ਼ਾਰਸ਼ ਬੁੱਧਵਾਰ ਨੂੰ ਖੇਲ ਰਤਨ ਪੁਰਸਕਾਰ ਲਈ ਕੀਤੀ ਗਈ। ਇਸ ਵਾਰ ਕੁੱਲ 11 ਖਿਡਾਰੀਆਂ ਨੂੰ ਦੇਸ਼ ਦੇ ਸਰਬੋਤਮ ਖੇਲ ਪੁਰਸਕਾਰ ਲਈ ਚੁਣਿਆ ਗਿਆ ਹੈ।
ਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹਾਈ, ਤਜਰਬੇਕਾਰ ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ ਤੇ ਮਹਿਲਾ ਟੈਸਟ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ, ਦਿੱਗਜ ਫੁੱਟਬਾਲਰ ਸੁਨੀਲ ਛੇਤਰੀ ਦੇ ਨਾਂ ਦੀ ਸਿਫ਼ਾਰਸ਼ ਵੀ ਚੋਣ ਕਮੇਟੀ ਨੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਕੀਤੀ ਹੈ। ਛੇਤਰੀ ਨੂੰ ਜੇ ਇਹ ਪੁਰਸਕਾਰ ਮਿਲ ਜਾਂਦਾ ਹੈ ਤਾਂ ਉਹ ਇਸ ਸਨਮਾਨ ਨੂੰ ਹਾਸਲ ਕਰਨ ਵਾਲੇ ਦੇਸ਼ ਦੇ ਪਹਿਲੇ ਫੁੱਟਬਾਲਰ ਬਣਨਗੇ। ਟੋਕੀਓ ਪੈਰਾਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਤੇ ਅਵਨੀ ਲੇਖਰਾ, ਨੇਜ਼ਾ ਸੁੱਟ ਖਿਡਾਰੀ ਸੁਮਿਤ ਅੰਤਿਲ ਤੇ ਬੈਡਮਿੰਟਨ ਖਿਡਾਰੀਆਂ ਪ੍ਰਮੋਦ ਭਗਤ ਤੇ ਕ੍ਰਿਸ਼ਨਾ ਨਾਗਰ ਨੂੰ ਵੀ ਖੇਲ ਰਤਨ ਪੁਰਸਕਾਰ ਲਈ ਕਮੇਟੀ ਨੇ ਚੁਣਿਆ ਹੈ। ਕਮੇਟੀ ਨੇ ਅਰਜੁਨ ਪੁਰਸਕਾਰ ਲਈ 35 ਖਿਡਾਰੀਆਂ ਨੂੰ ਚੁਣਿਆ।
ਕ੍ਰਿਕਟਰ ਸ਼ਿਖਰ ਧਵਨ, ਪੈਰਾ ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ, ਪੈਰਾ ਬੈਡਮਿੰਟਨ ਖਿਡਾਰੀ ਸੁਹਾਸ ਐੱਲ ਯਤੀਰਾਜ ਤੇ ਉੱਚੀ ਛਾਲ ਦੇ ਨਿਸ਼ਾਦ ਕੁਮਾਰ ਅਰਜੁਨ ਪੁਰਸਕਾਰ ਲਈ ਸਿਫ਼ਾਰਸ਼ ਕੀਤੇ ਗਏ ਖਿਡਾਰੀਆਂ ਵਿਚ ਸ਼ਾਮਲ ਹਨ। ਟੋਕੀਓ ਓਲੰਪਿਕ ‘ਚ ਇਤਿਹਾਸਕ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਮਰਦ ਹਾਕੀ ਟੀਮ ਦੇ ਖਿਡਾਰੀਆਂ ਦੀ ਵੀ ਅਰਜੁਨ ਪੁਰਸਕਾਰ ਲਈ ਸਿਫ਼ਾਰਸ਼ ਕੀਤੀ ਗਈ ਹੈ।