ਬਲੱਡ ਪ੍ਰਰੈਸ਼ਰ (ਬੀਪੀ) ਨੂੰ ਕੰਟਰੋਲ ਕਰਨ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਸੇਬ, ਨਾਸ਼ਪਤੀ ਤੇ ਜਾਮੁਨ ਦੇ ਸੇਵਨ ਨਾਲ ਨਾ ਸਿਰਫ਼ ਬੀਪੀ ਦੇ ਪੱਧਰ ਨੂੰ ਬਿਹਤਰ ਕੀਤਾ ਜਾ ਸਕਦਾ ਹੈ ਬਲਕਿ ਵੱਖ-ਵੱਖ ਤਰ੍ਹਾਂ ਦੇ ਗਟ ਬੈਕਟੀਰੀਆ ‘ਚ ਵੱਡੇ ਪੱਧਰ ‘ਤੇ ਸੁਧਾਰ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਫਲਾਂ ‘ਚ ਭਰਪੂਰ ਮਾਤਰਾ ‘ਚ ਫਲੇਵੋਨਾਇਡ ਪਾਇਆ ਜਾਂਦਾ ਹੈ। ਇਹ ਤੱਤ ਐਂਟੀ ਇਨਫਲੇਮੇਟਰੀ ਹੁੰਦਾ ਹੈ, ਜੋ ਸੈੱਲਜ਼ (ਕੋਸ਼ਿਕਾਵਾਂ) ਨੂੰ ਨੁਕਸਾਨ ਪਹੁੰਚਣ ਤੋਂ ਬਚਾਉਂਦਾ ਹੈ।
ਹਾਈਪਰਟੈਂਸ਼ਨ ਪੱਤਰਕਾ ‘ਚ ਪ੍ਰਕਾਸ਼ਤ ਇਕ ਅਧਿਐਨ ਮੁਤਾਬਕ, ਫਲੇਵੋਨਾਇਡ ਨਾਲ ਭਰਪੂਰ ਖ਼ੁਰਾਕੀ ਪਦਾਰਥਾਂ ਦਾ ਸਿਸਟੋਲਿਕ ਬਲੱਡ ਪ੍ਰਰੈਸ਼ਰ ਨਾਲ 15.2 ਫ਼ੀਸਦੀ ਸਬੰਧ ਪਾਇਆ ਗਿਆ ਹੈ। ਸ਼ੋਧਕਰਤਾਵਾਂ ਨੇ ਅਧਿਐਨ ਦੇ ਆਧਾਰ ‘ਤੇ ਦੱਸਿਆ ਕਿ ਰੋਜ਼ਾਨਾ ਕਰੀਬ 125 ਗ੍ਰਾਮ ਜਾਮੁਨ ਖਾਣ ਨਾਲ ਸਿਸਟੋਲਿਕ ਬਲੱਡ ਪ੍ਰਰੈਸ਼ਰ ਘੱਟ ਹੋ ਸਕਦਾ ਹੈ। ਉੱਤਰੀ ਆਇਰਲੈਂਡ ਦੀ ਕਵੀਨਜ਼ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਗਲੋਬਲ ਫੂਡ ਸਕਿਓਰਿਟੀ ਦੀ ਮੁੱਖ ਸ਼ੋਧਕਰਤਾ ਐਡਿਨ ਕਾਸਿਡੀ ਨੇ ਕਿਹਾ, ‘ਇਸ ਪ੍ਰਕਿਰਿਆ ‘ਚ ਗਟ ਮਾਈਕ੍ਰੋਬਾਇਓਮ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਅਧਿਐਨ ਤੋਂ ਇਹ ਜਾਹਿਰ ਹੁੰਦਾ ਹੈ ਕਿ ਰੋਜ਼ਾਨਾ ਦੇ ਖਾਣਪਾਣ ‘ਚ ਆਸਾਨ ਬਦਲਾਵਾਂ ਰਾਹੀਂ ਬਲੱਡ ਪ੍ਰਰੈਸ਼ਰ ਨੂੰ ਘੱਟ ਕੀਤਾ ਜਾ ਸਕਦਾ ਹੈ।’ ਪਾਚਨ ਤੰਤਰ ‘ਚ ਵੱਖ-ਵੱਖ ਤਰ੍ਹਾਂ ਦੇ ਬੈਕਟੀਰੀਆ ਪਾਏ ਜਾਂਦੇ ਹਨ। ਇਨ੍ਹਾਂ ਨੂੰ ਮਾਈਕ੍ਰੋ ਬਾਇਓਮ ਕਹਿੰਦੇ ਹਨ। ਸ਼ੋਧਕਰਤਾਵਾਂ ਨੇ ਅਧਿਐਨ ‘ਚ ਫਲੇਵੋਨਾਇਡ ਨਾਲ ਭਰਪੂਰ ਖ਼ੁਰਾਕੀ ਪਦਾਰਥਾਂ ਦਾ ਬੀਪੀ ਦੇ ਨਾਲ ਹੀ ਗਟ ਮਾਈਕ੍ਰੋਬਾਇਓਮ ਨਾਲ ਸਬੰਧ ‘ਤੇ ਵੀ ਗ਼ੌਰ ਕੀਤਾ। ਪਹਿਲਾਂ ਦੇ ਅਧਿਐਨਾਂ ਤੋਂ ਵੀ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਫਲੇਫੋਨਾਇਡ ਦੇ ਇਸਤੇਮਾਲ ਨਾਲ ਦਿਲ ਦੇ ਰੋਗ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।