ਲਖਨਊ : ਖੜ੍ਹੇ ਹੋ ਕੇ ਖਾਣਾ ਖਾਣ ਨਾਲ ਪੇਟ ਤੇ ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਵਧਦਾ ਹੈ। ਨਾਲ ਹੀ ਖਾਣੇ ਵਾਲੀ ਨਲੀ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਵਧਦਾ ਹੈ। ਇਸ ਤੋਂ ਇਲਾਵਾ ਅਨਿਯਮਤ ਤਰਜ਼ੇ ਜ਼ਿੰਦਗੀ ਤੇ ਜ਼ਿਆਦਾ ਫਾਸਟਫੂਡ ਦੀ ਵਰਤੋਂ ਇਸ ਬਿਮਾਰੀ ਦੀ ਲਪੇਟ ਵਿਚ ਲਿਆ ਸਕਦਾ ਹੈ। ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਖਾਣ-ਪੀਣ ਤੇ ਕਸਰਤ ਬੇਹੱਦ ਜ਼ਰੂਰੀ ਹੈ। ਇਹ ਗੱਲਾਂ ਪੀਜੀਆਈ ਚੰਡੀਗੜ੍ਹ ਰੇਡੀਓਥੇਰੈਪੀ ਵਿਭਾਗ ਦੇ ਮੁਖੀ ਡਾ. ਰਾਕੇਸ਼ ਕਪੂਰ ਨੇ ਕਹੀਆਂ ਹਨ। ਉਹ ਲਖਨਊ ਸਥਿਤ ਕਲਿਆਣ ਸਿੰਘ ਕੈਂਸਰ ਇੰਸਟੀਚਿਊਟ ’ਚ ਰੇਡੀਓਥੇਰੈਪੀ ਵਿਭਾਗ ਦੇ ਦੂਜੇ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਡਾ. ਰਾਕੇਸ਼ ਨੇ ਕਿਹਾ ਕਿ ਖੜ੍ਹੇ ਹੋ ਕੇ ਖਾਣਾ ਖਾਣ ਤੇ ਪਾਣੀ ਪੀਣ ਨਾਲ ਖਾਣਾ ਸਿੱਧੇ ਪੇਟ ਵਿਚ ਚਲਾ ਜਾਂਦਾ ਹੈ। ਇਸ ਨਾਲ ਅੰਤੜੀਆਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਪੇਟ ਵਿਚ ਬਣਨ ਵਾਲਾ ਐਸਿਡ ਉੱਪਰ ਵੱਲ ਦਬਾਅ ਬਣਾਉਂਦਾ ਹੈ, ਜਿਸ ਨਾਲ ਖਾਣੇ ਦੀ ਨਲੀ ਦੀਆਂ ਮਾਂਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੇ ’ਚ ਖਾਣੇ ਦੀ ਨਲੀ ਦਾ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸੰਭਵ ਹੋ ਸਕੇ, ਬਾਹਰ ਦੀਆਂ ਵਸਤਾਂ ਤੋਂ ਪਰਹੇਜ਼ ਕਰੋ।