ਖੰਨਾ ਦੇ ਮਿਲਟਰੀ ਗਰਾਊਂਡ ‘ਚ ਬੰਬ ਮਿਲਣ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 26 ਜਨਵਰੀ ਨੂੰ ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਬੰਬ ਦਾ ਮਿਲਣਾ ਚਿੰਤਾ ਦਾ ਵਿਸ਼ਾ ਹੈ। ਪੁਲਿਸ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਿਸ ਥਾਂ ‘ਤੇ ਬੰਬ ਮਿਲਿਆ ਸੀ, ਉੱਥੇ ਸੁਰੱਖਿਆ ਘੇਰਾ ਬਣਾ ਲਿਆ ਹੈ। ਕਿਸੇ ਨੂੰ ਵੀ ਆਲੇ-ਦੁਆਲੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਮਾਹਿਰਾਂ ਦੀਆਂ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਜਿਸ ਥਾਂ ‘ਤੇ ਬੰਬ ਮਿਲਿਆ ਉਸਦੇ ਨਾਲ ਹੀ ਸਬਜ਼ੀ ਮੰਡੀ ਤੇ ਰਿਹਾਇਸ਼ੀ ਇਲਾਕਾ ਹੈ। ਕੁਝ ਦਿਨ ਪਹਿਲਾਂ ਹੀ ਇਸ ਮਿਲਟਰੀ ਗਰਾਉਂਡ ਨੇੜਿਓਂ ਹੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲੰਘ ਕੇ ਗਈ। ਪੁਲਿਸ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੰਬਨੁਮਾ ਮਿਜ਼ਾਈਲ ਵਰਗੀ ਚੀਜ਼ ਕੀ ਹੈ।