ਪਟਿਆਲਾ-ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮੰਤਰੀ ਭਗਵੰਤ ਮਾਨ ਅਦਾ ਕਰਨਗੇ। ਉਹ ਪਰੇਡ ਦਾ ਨਿਰੀਖਣ ਕਰਨਗੇ ਅਤੇ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਦੇਣ ਸਮੇਤ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ। ਉੱਧਰ, ਇਸ ਸਬੰਧੀ ਹੋਈ ਫੁੱਲ ਡਰੈੱਸ ਰਿਹਰਸਲ ਦਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਜਾਇਜ਼ਾ ਲਿਆ। ਇਸ ਮੌਕੇ ਡੀਸੀ ਨੇ ਦੱਸਿਆ ਕਿ ਪਰੇਡ ਵਿੱਚ 12 ਟੁਕੜੀਆਂ ਹਿੱਸਾ ਲੈਣਗੀਆਂ। ਪਰੇਡ ਦੀ ਅਗਵਾਈ ਏ.ਐੱਸ.ਪੀ. ਡਾ. ਵਿਨੀਤ ਅਹਿਲਾਵਤ ਕਰਨਗੇ। ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ 10 ਝਾਕੀਆਂ ਕੱਢਣ ਸਮੇਤ ਮੁੱਖ ਮੰਤਰੀ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਦੇਸ਼ ਦੀ ਰੱਖਿਆ ਲਈ ਸ਼ਹਾਦਤਾਂ ਦੇਣ ਵਾਲੇ ਸੁਰਬੀਰ, ਸੈਨਿਕ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ 26 ਜਨਵਰੀ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਸਲਾਮੀ ਲੈਣਗੇ। ਉਨ੍ਹਾਂ ਦੱਸਿਆ ਕਿ ਆਜ਼ਾਦੀ ਘੁਲਾਟੀਏ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਮਾਗਮ ਵਿੱਚ ਖਾਸ ਤੌਰ ’ਤੇ ਸ਼ਾਮਲ ਹੋਣਗੇ। ਅੰਤਿਮ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਵੱਲੋਂ ਸਮੂਹ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।
ਗਣਤੰਤਰ ਦਿਵਸ ਸਮਾਗਮ ਲਈ ਤਿਆਰੀਆਂ ਦਾ ਜਾਇਜ਼ਾ- ਇੱਥੇ 76ਵੇਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਲਈ ਫੁੱਲ ਡਰੈੱਸ ਰਿਹਰਸਲ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਿੱਚ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਮੌਜੂਦ ਸਨ। ਰਿਹਰਸਲ ਤੋਂ ਬਾਅਦ ਡੀਸੀ ਡਾ. ਪੱਲਵੀ ਨੇ ਦੱਸਿਆ ਕਿ 76ਵੇਂ ਗਣਤੰਤਰ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਥਾਨਕ ਸਰਕਾਰ ਅਤੇ ਸੰਸਦੀ ਮਾਮਲੇ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ, ਜਿਸ ਉਪਰੰਤ ਉਹ ਪਰੇਡ ਦਾ ਨਿਰੀਖਣ ਕਰਨਗੇ। ਉਨ੍ਹਾਂ ਦੱਸਿਆ ਕਿ ਪਰੇਡ ਦੀ ਅਗਵਾਈ ਡੀਐੱਸਪੀ (ਸਥਾਨਕ) ਪਰੇਡ ਕਮਾਂਡਰ ਡੀਐੱਸਪੀ (ਸਥਾਨਕ) ਡਾ. ਮਾਨਵਜੀਤ ਸਿੰਘ ਸਿੱਧੂ ਕਰਨਗੇ। ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਸਮਾਗਮਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਸੁਨਾਮ ਪੁਲੀਸ ਵੱਲੋਂ ਸ਼ਹਿਰ ’ਚ ਫਲੈਗ ਮਾਰਚ-ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਗਣਤੰਤਰ ਦਿਵਸ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਹਿਲ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਸੁਨਾਮ ਪੁਲੀਸ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਐੱਸਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਐੱਸਪੀ ਨਵਰੀਤ ਸਿੰਘ ਵਿਰਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਪ੍ਰਤੀਕ ਜਿੰਦਲ, ਨਵੀਂ ਅਨਾਜ ਮੰਡੀ ਚੌਕੀ ਇੰਚਾਰਜ ਮਿੱਠੂ ਰਾਮ ਅਤੇ ਹੋਰ ਪੁਲੀਸ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਇਸ ਮੌਕੇ ਐੱਸਪੀ ਨਵਰੀਤ ਸਿੰਘ ਵਿਰਕ ਨੇ ਕਿਹਾ ਕਿ ਪੁਲੀਸ ਵੱਲੋਂ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੁਲੀਸ ਵੱਲੋਂ ਚੀਨੀ ਡੋਰ ਵੇਚਣ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ।