ਨਵੀਂ ਦਿੱਲੀ-ਮਹਾਕੁੰਭ ਦੇ ਜਸ਼ਨ ਨੂੰ ਦਰਸਾਉਂਦੀ ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਵਿੱਚ ਉੱਤਰ ਪ੍ਰਦੇਸ਼ ਦੀ ਝਾਕੀ ਨੇ ਪਹਿਲਾ ਇਨਾਮ ਜਿੱਤਿਆ, ਜਦਕਿ ਜੰਮੂ-ਕਸ਼ਮੀਰ ਰਾਈਫਲਜ਼ ਦੀ ਟੁਕੜੀ ਨੂੰ ਸਭ ਤੋਂ ਵਧੀਆ ਮਾਰਚਿੰਗ ਟੁਕੜੀ ਐਲਾਨਿਆ ਗਿਆ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਝਾਕੀਆਂ ’ਚੋਂ ਤ੍ਰਿਪੁਰਾ ਦੀ ਝਾਕੀ ਨੇ ਦੂਜਾ, ਜਦਕਿ ਆਂਧਰਾ ਪ੍ਰਦੇਸ਼ ਦੀ ਝਾਕੀ ਨੇ ਤੀਜਾ ਸਥਾਨ ਹਾਸਲ ਕੀਤਾ। ਮੰਤਰਾਲਿਆਂ ਅਤੇ ਵਿਭਾਗਾਂ ਦੇ ਵਰਗ ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ਝਾਕੀ ਨੂੰ ਸਭ ਤੋਂ ਵਧੀਆ ਐਲਾਨਿਆ ਗਿਆ। ਦਿੱਲੀ ਪੁਲੀਸ ਨੂੰ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਅਤੇ ਹੋਰ ਸਹਾਇਕ ਬਲਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਮਾਰਚਿੰਗ ਟੁਕੜੀ ਐਲਾਨਿਆ ਗਿਆ। ਮੰਤਰਾਲੇ ਨੇ ਕਿਹਾ ਕਿ ਵੱਖ-ਵੱਖ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ, ਮੰਤਰਾਲਿਆਂ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਦੀਆਂ ਝਾਕੀਆਂ ਦਾ ਮੁਲਾਂਕਣ ਕਰਨ ਲਈ ਜੱਜਾਂ ਦੇ ਤਿੰਨ ਪੈਨਲ ਗਠਿਤ ਕੀਤੇ ਗਏ ਸਨ। ਇਸ ਤੋਂ ਇਲਾਵਾ 26 ਤੋਂ 28 ਜਨਵਰੀ ਤੱਕ ‘ਮਾਈ ਜੀਓਵੀ ਪੋਰਟਲ’ ’ਤੇ ਲੋਕਾਂ ਕੋਲੋਂ ਪਸੰਦੀਦਾ ਝਾਕੀ ਅਤੇ ਮਾਰਚਿੰਗ ਟੁਕੜੀਆਂ ਪੁੱਛੀਆਂ ਗਈਆਂ ਸਨ, ਜਿਸ ਤਹਿਤ ਗੁਜਰਾਤ ਦੀ ਝਾਕੀ (ਸਵਰਨਿਮ ਭਾਰਤ: ਵਿਰਾਸਤ ਔਰ ਵਿਕਾਸ) ਪਹਿਲੇ ਸਥਾਨ, ਉੱਤਰ ਪ੍ਰਦੇਸ਼ ਦੀ ਝਾਕੀ (ਮਹਾਕੁੰਭ 2025) ਦੂਜੇ ਅਤੇ ਉੱਤਰਾਖੰਡ ਦੀ ਝਾਕੀ (ਸੱਭਿਆਚਾਰਕ ਵਿਰਾਸਤ ਅਤੇ ਸਾਹਸੀ ਖੇਡਾਂ) ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਸਿਗਨਲਜ਼ ਦਲ ਨੂੰ ਸਰਬੋਤਮ ਮਾਰਚਿੰਗ ਦਲ ਐਲਾਨਿਆ ਗਿਆ।
ਬੀਟਿੰਗ ਰੀਟਰੀਟ ਸੈਰਾਮਨੀ ਨਾਲ ਗਣਤੰਤਰ ਦਿਵਸ ਸਮਾਗਮ ਦੀ ਸਮਾਪਤੀ:ਗਣਤੰਤਰ ਦਿਵਸ ਸਮਾਗਮ ਦੀ ਸਮਾਪਤੀ ’ਤੇ ਅੱਜ ਇੱਥੇ ਵਿਜੈ ਚੌਕ ’ਤੇ ਬੀਟਿੰਗ ਰੀਟਰੀਟ ਸੈਰਾਮਨੀ ਹੋਈ ਅਤੇ ਫ਼ੌਜਾਂ ਬੈਰੇਕਾਂ ਨੂੰ ਪਰਤ ਗਈਆਂ। ਇਸ ਦੌਰਾਨ ਭਾਰਤੀ ਫ਼ੌਜ, ਜਲ ਸੈਨਾ, ਭਾਰਤੀ ਹਵਾਈ ਸੈਨਾ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐੱਫ) ਦੇ ਬੈਂਡਾਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰਾਂ ਸਾਹਮਣੇ 30 ਧੁਨਾਂ ਵਜਾਈਆਂ। ਰਾਸ਼ਟਰਪਤੀ ਮੁਰਮੂ ਰਵਾਇਤੀ ਬੱਗੀ ਵਿਚ ਪਹੁੰਚੇ। ਸਮਾਗਮ ਦੀ ਸ਼ੁਰੂਆਤ ਬੈਂਡ ਦੀ ‘ਕਦਮ ਕਦਮ ਬੜ੍ਹਾਏ ਜਾ’ ਧੁਨ ਨਾਲ ਹੋਈ, ਜਿਸ ਤੋਂ ਬਾਅਦ ‘ਅਮਰ ਭਾਰਤੀ’, ‘ਇੰਦਰਧਨੁਸ਼’, ‘ਜੈ ਜਨਮ ਭੂਮੀ’, ‘ਗੰਗਾ ਜਮੁਨਾ’ ਵਰਗੇ ਗੀਤਾਂ ਦੀਆਂ ਧੁਨਾਂ ਵਜਾਈਆਂ ਗਈਆਂ। ‘ਸਾਰੇ ਜਹਾਂ ਸੇ ਅੱਛਾ’ ਦੀ ਧੁਨ ਨਾਲ ਸਮਾਗਮ ਦੀ ਸਮਾਪਤੀ ਹੋਈ। ਸਮਾਗਮ ਦੇ ਮੁੱਖ ਸੰਚਾਲਕ ਕਮਾਂਡਰ ਮਨੋਜ ਸੇਬਾਸਟੀਅਨ ਸਨ। ਆਰਮੀ ਬੈਂਡ ਦੇ ਸੰਚਾਲਕ ਸੂਬੇਦਾਰ ਮੇਜਰ (ਆਨਰੇਰੀ ਕਪਤਾਨ) ਬਿਸ਼ਨ ਬਹਾਦਰ ਜਦਕਿ ਸੀਏਪੀਐਫ ਬੈਂਡ ਦੇ ਸੰਚਾਲਕ ਹੈੱਡ ਕਾਂਸਟੇਬਲ ਜੀਡੀ ਮਹਾਜਨ ਕੈਲਾਸ਼ ਮਾਧਵ ਰਾਓ ਸਨ। ਸੂਬੇਦਾਰ ਮੇਜਰ ਅਭਿਲਾਸ਼ ਸਿੰਘ ਦੇ ਨਿਰਦੇਸ਼ਾਂ ਹੇਠ ਪਾਈਪਸ ਅਤੇ ਡਰੱਮਜ਼ ਬੈਂਡ ਵਜਾਇਆ ਗਿਆ।