ਗਰਮੀ ਦੇ ਦਿਨਾਂ ’ਚ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ, ਅਜਿਹੇ ’ਚ ਜਿੰਨਾ ਪਾਣੀ ਪਿਓ ਘੱਟ ਹੀ ਲੱਗਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪਾਣੀ ਪੀ-ਪੀ ਕੇ ਆਪਣਾ ਪੇਟ ਫੁੱਲ ਜਾਂਦਾ ਹੈ, ਪਰ ਫਿਰ ਵੀ ਪਿਆਸ ਨਹੀਂ ਬੁਝਦੀ। ਇਸ ਮੌਸਮ ’ਚ ਬਾਡੀ ਨੂੰ ਹਾਈਡ੍ਰੇਟ ਰੱਖਣ ਲਈ ਖੀਰਾ ਸਭ ਤੋਂ ਵਧੀਆ ਸਬਜ਼ੀ ਹੈ, ਜੋ ਬਾਡੀ ’ਚ ਪਾਣੀ ਦੀ ਕਮੀ ਨੂੰ ਪੂਰਾ ਕਰਕੇ ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ। ਇਸਦੀ ਵਰਤੋਂ ਗਰਮੀਆਂ ’ਚ ਸਲਾਦ, ਦਹੀਂ ਦੇ ਰਾਯਤੇ ਨਾਲ ਵੀ ਕੀਤੀ ਜਾ ਸਕਦੀ ਹੈ। ਇਹ ਸਾਨੂੰ ਲੂ ਜਾਂ ਤੇਜ਼ ਗਰਮੀ ਦੀ ਮਾਰ ਤੋਂ ਬਚਾਉਂਦਾ ਹੈ।
ਇਸ ਵਿਚ 90 ਪ੍ਰਤੀਸ਼ਤ ਪਾਣੀ, ਫਾਈਬਰ, ਵਿਟਾਮਿਨ, ਕੈਲਸ਼ੀਅਮ, ਆਓਡੀਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਜਿਹੇ ਖਣਿਜ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਜੋ ਬਾਡੀ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਤੇ ਕਈ ਬਿਮਾਰੀਆਂ ਤੋਂ ਸਾਡਾ ਬਚਾਅ ਕਰਦੇ ਹਨ। ਆਓ ਜਾਣਦੇ ਹਾਂ ਗਰਮੀ ’ਚ ਖੀਰੇ ਖਾਣਾ ਕਿਵੇਂ ਸਿਹਤ ਲਈ ਲਾਹੇਵੰਦ ਹੈ…
ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ…..
ਗਰਮੀਆਂ ’ਚ ਸਾਡੀ ਬਾਡੀ ਨੂੰ ਪਾਣੀ ਦੀ ਵੱਧ ਜ਼ਰੂਰਤ ਪੈਂਦੀ ਹੈ, ਘੱਟ ਤੋਂ ਘੱਟ ਪੂਰੇ ਦਿਨ ’ਚ 3-5 ਲੀਟਰ ਪਾਣੀ ਪੀਣਾ ਜ਼ਰੂਰੀ ਹੈ। ਜੇ ਅਸੀਂ ਉਚਿਤ ਮਾਤਰਾ ’ਚ ਪਾਣੀ ਦਾ ਸੇਵਨ ਨਹੀਂ ਕਰਦੇ ਤਾਂ ਸਰੀਰ ਦਾ ਪੀਐੱਚ ਸੰਤੁਲਨ ਵਿਗੜ ਸਕਦਾ ਹੈ। ਖੀਰੇ ’ਚ ਪਾਣੀ ਦੀ ਵੱਧ ਮਾਤਰਾ ਹੋਣ ਕਾਰਨ ਇਹ ਸਰੀਰ ’ਚੋਂ ਗੰਦਗੀ ਨੂੰ ਬਾਹਰ ਕੱਢਦਾ ਹੈ। ਗਰਮੀ ’ਚ ਜ਼ਿਆਦਾ ਪਿਆਸ ਲੱਗਣ ’ਤੇ ਅੱਧਾ ਕੱਪ ਖੀਰੇ ਦੇ ਰਸ ’ਚ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਪੀਣਾ ਲਾਹੇਵੰਦ ਹੈ।
ਪਾਚਣ ਨੂੰ ਠੀਕ ਰੱਖਦਾ ਹੈ….
ਖੀਰੇ ’ਚ ਫਾਈਬਰ ਦੀ ਬਹੁਤਾਤ ਹੋਣ ਕਾਰਨ ਇਹ ਪਾਚਣ ਨੂੰ ਮਜ਼ਬੂਤ ਰੱਖਦਾ ਹੈ ਤੇ ਨਾਲ ਹੀ ਪੇਟ ਦੀ ਸਫ਼ਾਈ ਕਰਦਾ ਹੈ। ਇਹ ਪਾਚਣ ਸ਼ਕਤੀ ’ਚ ਸੁਧਾਰ ਲਿਆਉਂਦਾ ਹੈ।
ਭਾਰ ਨੂੰ ਨਿਯੰਤਰਿਤ ਕਰਦਾ ਹੈ…
ਖੀਰੇ ’ਚ ਮੌਜੂਦ ਫਾਈਬਰ ਦੀ ਭਰਪੂਰ ਮਾਤਰਾ ਭਾਰ ਘਟਾਉਣ ਵਿਚ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ। ਇਸਦਾ ਸੇਵਨ ਕਰਨ ਨਾਲ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ ਤੇ ਭਾਰ ਨਿਯੰਤਰਣ ’ਚ ਰਹਿੰਦਾ ਹੈ।
ਬਲੱਡ ਪ੍ਰੇਸ਼ਰ ਨੂੰ ਰੱਖੇ ਕੰਟਰੋਲ….
ਖੀਰਾ ਸਰੀਰ ’ਚ ਇੰਸੁਲਿਨ ਦੇ ਉਤਪਾਦਨ ਨੂੰ ਵਧਾ ਸਕਦਾ ਹੈ ਤੇ ਸਾਡੇ ਭੋਜਨ ਦੇ ਗੁਲੂਕੋਜ਼ ਨੂੰ ਤੋੜਨ ’ਚ ਵੀ ਮਦਦ ਕਰਦਾ ਹੈ। ਇਸਦੇ ਲਗਾਤਾਰ ਸੇਵਨ ਨਾਲ ਬਲੱਡ ਪ੍ਰੇਸ਼ਰ ਕੰਟਰੋਲ ’ਚ ਰਹਿੰਦਾ ਹੈ।
ਗਰਮੀ ’ਚ ਬਾਡੀ ਠੰਡੀ ਰਹਿੰਦੀ ਹੈ….
ਖੀਰੇ ਦੇ ਬੀਜਾਂ ’ਚ ਗਰਮੀ ਦੂਰ ਕਰਨ ਵਾਲੇ ਗੁਣ ਪਾਏ ਜਾਂਦੇ ਹਨ। ਇਸਦੇ ਸੇਵਨ ਨਾਲ ਚਿੜਚਿੜਾਪਨ, ਬੌਖਲਾਹਟ, ਗੁੱਸਾ ਆਉਣ ਜਿਹੀਆਂ ਮਾਨਸਿਕ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਸਰੀਰ ਨੂੰ ਠੰਡਾ ਰੱਖਣ ਲਈ ਇਨ੍ਹਾਂ ਦੇ ਬੀਜਾਂ ਦੀ ਠੰਡਾਈ ’ਚ ਵਰਤੋਂ ਕਰਨਾ ਲਾਹੇਵੰਦ ਹੁੰਦਾ ਹੈ।