ਗਰਮੀ ਦੇ ਮੌਸਮ ‘ਚ ਜਿੱਥੇ ਕਹਿਰ ਦੀ ਗਰਮੀ ਪਰੇਸ਼ਾਨ ਕਰਦੀ ਹੈ, ਉੱਥੇ ਗਰਮੀ ਨਾਲ ਹੋਣ ਵਾਲੇ ਰੋਗ ਇਸ ਪਰੇਸ਼ਾਨੀ ਨੂੰ ਕਈ ਗੁਣਾਂ ਵਧਾ ਦਿੰਦੇ ਹਨ। ਬੱਚੇ ਇਨ੍ਹਾਂ ਰੋਗਾਂ ਦੇ ਸਭ ਤੋਂ ਵੱਧ ਅਤੇ ਸੌਖਾ ਸ਼ਿਕਾਰ ਬਣਦੇ ਹਨ, ਕਿਉਂਕਿ ਬੱਚੇ ਮੌਸਮ ਦੀ ਲੋੜ ਮੁਤਾਬਕ ਸਿਹਤ ਸਬੰਧੀ ਲੋੜੀਂਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਆਪਣੀ ਮੌਜ-ਮਸਤੀ ‘ਚ ਖੇਡਦੇ ਰਹਿੰਦੇ ਹਨ। ਸਰੀਰ ਦਾ ਤਾਪਮਾਨ ਅਸਾਵਾਂ ਹੋਣ ਕਾਰਨ ਉਹ ਬਿਮਾਰੀਆਂ ਦੀ ਲਪੇਟ ‘ਚ ਆ ਜਾਂਦੇ ਹਨ। ਲੂ ਲੱਗਣਾ, ਪਾਣੀ ਦੀ ਕਮੀ, ਨਕਸੀਰ ਫੁੱਟਣਾ ਆਦਿ ਸਮੱਸਿਆਵਾਂ ਸਹਿਜੇ ਹੀ ਬੱਚਿਆਂ ਨੂੰ ਘੇਰ ਲੈਂਦੀਆਂ ਹਨ। ਕੁਝ ਨੁਕਤਿਆਂ ਨੂੰ ਧਿਆਨ ‘ਚ ਰੱਖ ਕੇ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਪਾਣੀ ਦੀ ਕਮੀ
ਬੱਚੇ ਅਕਸਰ ਖੇਡਦੇ ਸਮੇਂ ਪਾਣੀ ਪੀਣਾ ਭੁੱਲ ਜਾਂਦੇ ਹਨ। ਗਰਮੀ ‘ਚ ਖੇਡਦੇ ਸਮੇਂ ਸਰੀਰ ‘ਚ ਮੌਜੂਦ ਪਾਣੀ ਪਸੀਨੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਸ ਨਾਲ ਉਨ੍ਹਾਂ ਨੂੰ ਥਕਾਵਟ ਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਖੇਡਣ ਜਾਣ ਸਮੇਂ ਪਾਣੀ ਦੀ ਬੋਤਲ ਨਾਲ ਲਿਜਾਣ ਲਈ ਕਹਿਣ। ਜੇ ਉਹ ਬੱਚਿਆਂ ਦੇ ਨਾਲ ਹਨ ਤਾਂ ਉਨ੍ਹਾਂ ਨੂੰ ਥਕਾਵਟ ਹੋਣ ‘ਤੇ ਨਾਰੀਅਲ ਪਾਣੀ, ਜੂਸ, ਲੱਸੀ ਜਾਂ ਹੋਰ ਤਰਲ ਪਦਾਰਥ ਆਦਿ ਦੇਣ।
ਲੂ ਲੱਗਣਾ
ਜ਼ਿਆਦਾ ਦੇਰ ਧੁੱਪ ‘ਚ ਰਹਿਣ ਜਾਂ ਖੇਡਣ ਨਾਲ ਕਈ ਵਾਰ ਬੱਚਿਆਂ ਦੇ ਸਰੀਰ ‘ਤੇ ਲਾਲ ਨਿਸ਼ਾਨ ਹੋ ਜਾਂਦੇ ਹਨ, ਜਿਸ ਨਾਲ ਖਾਰਿਸ਼ ਹੁੰਦੀ ਹੈ। ਇਸ ਤੋਂ ਬਚਾਅ ਲਈ ਬੱਚਿਆਂ ਦੇ ਪੂਰੀ ਬਾਂਹ ਦੇ ਸੂਤੀ ਕੱਪੜੇ ਤੇ ਸਿਰ ‘ਤੇ ਟੋਪੀ ਆਦਿ ਨਾਲ ਸਿਰ ਢਕ ਕੇ ਹੀ ਬਾਹਰ ਜਾਣ ਦਿਓ। ਬੱਚਿਆਂ ਦੇ ਸਰੀਰ ‘ਤੇ ਸਨਸਕਰੀਨ ਆਦਿ ਲਗਾਓ।
ਦਸਤ
ਦੂਸ਼ਿਤ ਪਾਣੀ ਅਤੇ ਭੋਜਨ ਨਾਲ ਬੱਚਿਆਂ ‘ਚ ਉਲਟੀਆਂ ਤੇ ਦਸਤ ਦੀ ਸਮੱਸਿਆ ਆਮ ਹੋ ਜਾਂਦੀ ਹੈ। ਖ਼ਾਸ ਤੌਰ ‘ਤੇ ਮਾਰਕੀਟ ‘ਚ ਖੁੱਲ੍ਹੀਆਂ ਵਿਕਣ ਵਾਲੀਆਂ ਖਾਣਯੋਗ ਚੀਜ਼ਾਂ ਨਾਲ ਇਹ ਸਮੱਸਿਆ ਹੋ ਜਾਂਦੀ ਹੈ। ਇਸ ਲਈ ਬਾਹਰੀ ਚੀਜ਼ਾਂ ਖਾਣ ਤੋਂ ਪਰਹੇਜ਼ ਰੱਖੋ। ਘਰ ਦਾ ਬਣਿਆ ਤਾਜ਼ਾ ਭੋਜਨ ਖਾਓ। ਇਸ ਮੌਸਮ ‘ਚ ਤਲਿਆ, ਮਸਾਲੇਦਾਰ ਤੇ ਭਾਰਾ ਭੋਜਨ ਖਾਣ ਤੋਂ ਬਚੋ ਅਤੇ ਨਾਰੀਅਲ ਤੇ ਨਿੰਬੂ ਪਾਣੀ ਜ਼ਿਆਦਾ ਪੀਓ।
ਫੰਗਲ ਇਨਫੈਕਸ਼ਨ
ਸਰੀਰ ਦੇ ਅਜਿਹੇ ਹਿੱਸੇ, ਜਿਥੇ ਪਸੀਨੇ ਕਾਰਨ ਖਾਰਿਸ਼ ਤੇ ਲਾਲ ਧੱਬੇ ਬਣਨ ਲੱਗਦੇ ਹਨ, ਉੱਥੇ ਇਨਫੈਕਸ਼ਨ ਦੀ ਸੰਭਾਵਨਾ ਵਧ ਜਾਂਦੀ ਹੈ। ਖੇਡਣ ਤੋਂ ਤੁਰੰਤ ਬਾਅਦ ਨਹਾਉਣ ਦੀ ਬਜਾਏ ਕੁਝ ਦੇਰ ਰੁਕ ਕੇ ਠੰਢੇ ਪਾਣੀ ਨਾਲ ਨਹਾਓ ਤੇ ਪਸੀਨੇ ਵਾਲੇ ਕੱਪੜੇ ਬਦਲੋ। ਘਰੋਂ ਨਿਕਲਣ ਤੋਂ ਪਹਿਲਾਂ ਐਂਟੀਫੰਗਲ ਪਾਊਡਰ ਦੀ ਵਰਤੋ ਕਰੋ।
ਅੱਖਾਂ ‘ਚ ਜਲਣ
ਤੇਜ਼ ਧੁੱਪ ਕਾਰਨ ਅੱਖਾਂ ‘ਚੋਂ ਪਾਣੀ ਨਿਕਲਣਾ, ਜਲਣ ਅਤੇ ਲਾਲੀ ਆਉਣ ਦੀ ਸ਼ਿਕਾਇਤ ਅਕਸਰ ਬੱਚਿਆਂ ‘ਚ ਵੇਖਣ ਨੂੰ ਮਿਲਦੀ ਹੈ। ਇਸ ਤੋਂ ਰਾਹਤ ਲਈ ਸਨਗਲਾਸ ਤੇ ਛਤਰੀ ਦੀ ਵਰਤੋਂ ਕਰੋ। ਤੇਜ਼ ਧੁੱਪ ਤੋਂ ਐਲਰਜੀ ਹੈ ਤਾਂ ਠੰਢੇ ਵਾਤਾਵਰਨ ‘ਚ ਹੀ ਬਾਹਰ ਨਿਕਲੋ।
ਐਲਰਜੀ
ਗਰਮੀ ਦੇ ਮੌਸਮ ‘ਚ ਕੁਝ ਐਲਰਜੀ ਕਰਨ ਵਾਲੇ ਕੀਟਾਣੂ ਸਰਗਰਮ ਹੋ ਜਾਂਦੇ ਹਨ। ਬੱਚਿਆਂ ਨੂੰ ਇਹ ਕੀਟਾਣੂ ਬਹੁਤ ਜਲਦੀ ਆਪਣੀ ਲਪੇਟ ‘ਚ ਲੈਂਦੇ ਹਨ। ਇਸ ਲਈ ਬੱਚਿਆਂ ਨੂੰ ਸਰੀਰ ਢਕ ਕੇ ਹੀ ਬਾਹਰ ਜਾਣ ਦਿਓ। ਐਲਰਜੀ ਵਾਲੇ ਮਾਹੌਲ ਤੋਂ ਉਨ੍ਹਾਂ ਨੂੰ ਦੂਰ ਰੱਖੋ।