ਬਟਾਲਾ: ਗਰੀਬ ਦੀ ਜ਼ਿੰਦਗੀ ਬੁਹਤ ਹੀ ਦਰਦਨਾਕ ਹੁੰਦੀ ਹੈ ਤੇ ਜੇਕਰ ਗਰੀਬੀ ਦੇ ਨਾਲ ਬਿਮਾਰੀ ਘੇਰ ਲਵੇ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਅਜਿਹੀ ਦਰਦਨਾਕ ਕਹਾਣੀ ਹੈ ਬਟਾਲਾ ਦੀ ਰਹਿਣ ਵਾਲੀ ਮਨਜੀਤ ਕੌਰ ਦੀ। ਮਨਜੀਤ ਕੌਰ ਨੇ ਆਪਣੀ ਬਜ਼ੁਰਗ ਬਿਮਾਰ ਮਾਂ ਦੀ ਖਾਤਰ ਹੁਣ ਤਕ ਵਿਆਹ ਨਹੀਂ ਕਰਵਾਇਆ।
ਜਦੋਂ ਉਹ 13 ਸਾਲ ਦੀ ਸੀ ਤਾਂ ਉਸ ਦੇ ਬਜ਼ੁਰਗ ਪਿਤਾ ਦਾ ਅਖਬਾਰ ਵੰਢਦਿਆਂ ਐਕਸੀਡੈਂਟ ਹੋ ਗਿਆ ਜਿਸ ‘ਚ ਉਨ੍ਹਾਂ ਦੀ ਲੱਤ ਟੁੱਟ ਗਈ। ਇਸ ਦੁਰਘਟਨਾ ਕਾਰਨ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ। ਮਨਜੀਤ ਦੇ ਇੱਕ ਭਰਾ ਦੀ ਪਹਿਲਾਂ ਹੀ ਸੜਕ ਹਾਦਸੇ ‘ਚ ਮੌਤ ਹੋ ਚੁੱਕੀ ਸੀ।
ਘਰ ‘ਚ ਮਜਬੂਰੀ ਦੇ ਆਲਮ ਨੂੰ ਦੇਖਦਿਆਂ ਮਨਜੀਤ ਨੇ 13 ਸਾਲ ਦੀ ਉਮਰ ‘ਚ ਸਵੇਰੇ 4 ਵਜੇ ਉੱਠ ਲੋਕਾਂ ਦੇ ਘਰਾਂ ਤੇ ਦੁਕਾਨਾਂ ‘ਤੇ ਅਖਬਾਰ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮਨਜੀਤ ਨੇ 12ਵੀਂ ਜਮਾਤ ਤੱਕ ਪੜ੍ਹਾਈ ਵੀ ਕੀਤੀ।
ਇਸ ਦੌਰਾਨ ਜਦੋਂ ਮਨਜੀਤ ਦੇ ਪਿਤਾ ਦੀ ਮੌਤ ਹੋ ਗਈ ਤਾਂ ਉਸ ਤੇ ਮੁਸ਼ਕਲਾਂ ਦਾ ਪਹਾੜ ਹੀ ਟੁੱਟ ਗਿਆ। ਬਜ਼ੁਰਗ ਬਿਮਾਰ ਮਾਂ ਦੀ ਮਜਬੂਰੀ ਦੇ ਚੱਲਦਿਆਂ ਅੱਜ ਵੀ ਮਨਜੀਤ ਕੌਰ ਅਖਬਾਰ ਵੰਡਣ ਦਾ ਕੰਮ ਕਰ ਰਹੀ ਹੈ। ਮਨਜੀਤ ਦੱਸਦੀ ਹੈ ਕਿ ਉਸ ਦੇ ਘਰ ਦੀ ਹਾਲਤ ਬਹੁਤ ਨਾਜ਼ੁਕ ਹੈ। ਮਾਂ ਬਿਮਾਰ ਹੈ, ਉਸ ਦੇ ਇਲਾਜ ਦਾ ਬੋਝ ਤੇ ਘਰ ਦੀ ਵੀ ਹਾਲਤ ਖਸਤਾ ਹੈ।ਉਹ ਕਈ ਵਾਰ ਸਥਾਨਕ ਲੀਡਰਾਂ ਕੋਲੋਂ ਵੀ ਸਰਕਾਰੀ ਸਕੀਮਾਂ ਦੇ ਤਹਿਤ ਮਦਦ ਦੀ ਅਪੀਲ ਕਰ ਚੁੱਕੀ ਹੈ ਪਰ ਕੋਈ ਮਦਦ ਨਹੀਂ ਮਿਲੀ। ਮਹਿਜ਼ ਸਰਕਾਰ ਵੱਲੋਂ ਜਾਰੀ ਸਸਤੇ ਰਾਸ਼ਨ ਕਾਰਡ ਦੇ ਇਲਾਵਾ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਹੈ।