gloria storm batters spain: ਸਪੇਨ ਵਿਚ ਆਏ ਗਲੋਰੀਆ ਤੂਫਾਨ ਦੇ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਪੰਜ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਇਸ ਕੁਦਰਤੀ ਆਫ਼ਤ ਦੇ ਕਾਰਨ ਦਰਿਆਵਾਂ ਦੇ ਕਿਨਾਰੇ ਟੁੱਟ ਰਹੇ ਹਨ ਅਤੇ ਪੂਰਬੀ ਸਪੇਨ ਦੇ ਖੇਤੀਬਾੜੀ ਵਾਲੇ ਖੇਤਰਾਂ ਵਿਚ ਸਮੁੰਦਰ ਦਾ ਖਾਰਾ ਪਾਣੀ ਭਰ ਰਿਹਾ ਹੈ। ਨੌਰਥ ਈਸਟ ਕੈਟੇਲੋਨੀਆ ਅਤੇ ਬੇਲੇਰੀਆਕ ਆਈਲੈਂਡ ਤੋਂ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਜਦਕਿ ਲੋਕ ਹਾਲੇ ਵੀ ਹੜ੍ਹ ਵਿਚ ਫਸੇ ਹੋਏ ਹਨ। ਇਸ ਹਫਤੇ ਦੇ ਸ਼ੁਰੂ ਵਿਚ ਤਾਪਮਾਨ ਵਿਚ ਤੇਜ਼ੀ ਨਾਲ ਆਈ ਗਿਰਾਵਟ ਦੇ ਕਾਰਨ ਦੋ ਬੇਘਰ ਲੋਕਾਂ ਦੀ ਹਾਈਪੋਥਰਮਿਆ ਨਾਲ ਮੌਤ ਹੋ ਗਈ ਸੀ।
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਨੇ ਵੀਰਵਾਰ ਨੂੰ ਹੈਲੀਕਾਪਟਰ ਰਾਹੀਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਬਚਾਅ ਟੀਮ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਤ ਪੰਜ ਇਲਾਕਿਆਂ ਲਈ ਫੰਡ ਮੁਹੱਈਆ ਕਰਵਾਇਆ ਜਾਏਗਾ। ਤੂਫਾਨ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਜਾਰੀ ਹੈ। ਕੁਝ ਇਲਾਕਿਆਂ ਵਿੱਚ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਹਾਲਾਂਕਿ, ਮੌਸਮ ਵਿਭਾਗ ਅਨੁਸਾਰ ਸਥਿਤੀ ਵਿਚ ਸੁਧਾਰ ਹੋਣ ਦੀ ਸੰਭਾਵਨਾ ਹੈ। ਹੜ ਕਾਰਨ ਦੇਸ਼ ਦੀ ਸਭ ਤੋਂ ਲੰਬੀ ਨਦੀ ਇਬਰੋ ਦਾ ਪਾਣੀ ਬੰਨ੍ਹ ਤੋੜ ਕੇ ਖੇਤਾਂ ਵਿਚ ਪਹੁੰਚ ਗਿਆ। ਸਮੁੰਦਰੀ ਪਾਣੀ ਵੀ ਤਿੰਨ ਕਿਲੋਮੀਟਰ ਅੰਦਰ ਤੱਕ ਆ ਗਿਆ ਹੈ।
ਤੂਫਾਨ ਗਲੋਰੀਆ ਨੇ ਦੱਖਣੀ ਫਰਾਂਸ ਦੇ ਕੁਝ ਹਿੱਸਿਆਂ ਨੂੰ ਵੀ ਪ੍ਰਭਾਵਤ ਕੀਤਾ, ਜਿਸ ਕਾਰਨ ਪਿਰੀਨੀਅਸ-ਓਰੀਐਂਟੈਲਜ਼ ਖੇਤਰ ਵਿਚ 1,500 ਵਿਅਕਤੀਆਂ ਨੂੰ ਬਾਹਰ ਕੱਡਿਆ ਗਿਆ ਸੀ ,ਜੋ ਕਿ ਵੀਰਵਾਰ ਨੂੰ ਵਾਪਿਸ ਆਪਣੇ ਘਰ ਪਰਤਣੇ ਸ਼ੁਰੂ ਹੋਏ ਸਨ।